ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 7 ਸਤੰਬਰ
ਕਸਬਾ ਜੋਧਾਂ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਕਿਲ੍ਹਾ ਰਾਏਪੁਰ-ਜੋਧਾਂ ਦੀ ਜਥੇਬੰਦਕ ਕਾਨਫ਼ਰੰਸ ਜੈਤੋ ਮੋਰਚੇ ਦੇ ਸ਼ਹੀਦ ਭਾਈ ਲਾਭ ਸਿੰਘ ਜੋਧਾਂ ਨਗਰ ਵਿਚ ਹੋਈ। ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਚਰਨ ਸਿੰਘ ਕਾਲਖ ਨੇ ਅਦਾ ਕੀਤੀ। ਸ਼ਹੀਦ ਭਾਈ ਲਾਭ ਸਿੰਘ ਜੋਧਾਂ ਦੇ ਪਰਿਵਾਰਕ ਮੈਂਬਰ ਭਜਨ ਸਿੰਘ ਜੋਧਾਂ ਨੂੰ ਦੁਸ਼ਾਲਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਨੇ ਭਾਈ ਲਾਭ ਸਿੰਘ ਜੋਧਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਜੈਤੋ ਦੇ ਮੋਰਚੇ ਨੇ ਅੰਗਰੇਜ਼ ਸਰਕਾਰ ਦੀ ਨੀਂਹ ਹਿਲਾ ਦਿੱਤੀ ਸੀ। ਸਾਥੀ ਜਸਵਿੰਦਰ ਸਿੰਘ ਕਾਲਖ, ਸੁਰਜੀਤ ਸਿੰਘ ਸੀਲੋਂ, ਤਰਲੋਚਨ ਸਿੰਘ ਦੋਰਾਹਾ, ਗੁਰਚਰਨ ਸਿੰਘ ਮੋਹੀ, ਡਾਕਟਰ ਪ੍ਰਦੀਪ ਜੋਧਾਂ, ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰਜੀਤ ਸਿੰਘ ਸਹਿਜਾਦ ਦੀ ਪ੍ਰਧਾਨਗੀ ਹੇਠ ਹੋਈ ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਪ੍ਰੋਫੈਸਰ ਜੈਪਾਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਭਲਾ ਖੱਬੇ-ਪੱਖੀ ਵਿਚਾਰਧਾਰਾ ਤੋਂ ਬਿਨਾਂ ਕਿਧਰੇ ਵੀ ਨਹੀਂ ਹੈ। ਬਹਿਸ ਤੋਂ ਬਾਅਦ ਰਿਪੋਰਟ ਪਾਸ ਕੀਤੀ ਗਈ। ਪ੍ਰਧਾਨ ਜਸਵਿੰਦਰ ਸਿੰਘ ਕਾਲਖ, ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਖ਼ਜ਼ਾਨਚੀ ਅਮਰਜੀਤ ਸਿੰਘ ਸਹਿਜਾਦ ਤੋਂ ਇਲਾਵਾ 13 ਮੈਂਬਰੀ ਕਮੇਟੀ ਵੀ ਚੁਣੀ ਗਈ।