ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਮਾਰਚ
ਖ਼ਾਲਸਾ ਕਾਲਜ ਫਾਰ ਵਿਮੈੱਨ ਦੀ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਅਧੀਨ ਸਾਇੰਸ ਵਿਭਾਗ ਵੱਲੋਂ ਇੱਕ ਰੋਜ਼ਾ ਸਾਇੰਸ ਵਰਕਸ਼ਾਪ ਲਾਈ ਗਈ। ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਨੇ ਬਤੌਰ ਮੁੱਖ ਬੁਲਾਰੇ ਸ਼ਿਰਕਤ ਕੀਤੀ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਤੇ ਵਿਦਿਆਰਥਣਾਂ ਦਾ ਵੀ ਸੁਆਗਤ ਕੀਤਾ। ਉਨ੍ਹਾਂ ਸਿੱਖਿਆ ਰਤਨ, ਰਾਜ ਪੱਧਰੀ, ਨੈਸ਼ਨਲ ਐਵਾਰਡੀ ਅਤੇ ਮਾਲਤੀ ਗਿਆਨਪੀਠ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਦੀ ਸ਼ਖ਼ਸੀਅਤ ਤੋਂ ਜਾਣੂ ਕਰਵਾਇਆ। ਬਤੌਰ ਫਿਜ਼ਿਕਸ ਅਧਿਆਪਕ ਸੇਵਾਵਾਂ ਨਿਭਾਅ ਰਹੇ ਡਾ. ਸਾਹਿਬ ਤੋਂ ਪੰਜਾਬ ਤੇ ਹੋਰ ਰਾਜਾਂ ਦੇ ਵਿਦਿਆਰਥੀ ਵੀ ਜਾਣੂੰ ਹਨ। ਬੁਲਾਰੇ ਨੇ ਘਰੇਲੂ ਉਦਾਹਰਣਾਂ ਨਾਲ ਸਾਇੰਸ ਦੀ ਸਮਝ, ਪੜ੍ਹਨ ਤੋਂ ਸਿੱਖਣ ਤੱਕ ਦੇ ਸਫ਼ਰ, ਸਿੱਖਿਅਕ ਦੀ ਮਹੱਤਤਾ, ਵਿਹਾਰਕ ਸਿਖਲਾਈ ਵਿਧੀਆਂ ਅਤੇ ਮਾਪਿਆਂ ਦੇ ਸੁਚੱਜੇ ਮਾਰਗ-ਦਰਸ਼ਕ ਹੋਣ ਨੂੰ ਮਿਸਾਲਾਂ ਸਹਿਤ ਪੇਸ਼ ਕੀਤਾ।
ਉਨ੍ਹਾਂ ‘ਜੋ ਬ੍ਰਹਮੰਡੇ ਸੋਈ ਪਿੰਡੈ’ ਗੁਰਬਾਣੀ ਦੀਆਂ ਸਤਰਾਂ ਰਾਹੀਂ ਮਨੁੱਖੀ ਵਜੂਦ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਸੇਵਾਮੁਕਤ ਪ੍ਰੋਫੈਸਰ ਬਲਦੇਵ ਸਿੰਘ ਸਿੱਧੂ ਨੇ ਸਾਇੰਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੀ ਕਨਵੀਨਰ ਅਤੇ ਸਾਇੰਸ ਵਿਭਾਗ ਦੇ ਮੁਖੀ ਡਾ. ਇਕਬਾਲਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਗਗਨਦੀਪ ਸਿੰਘ ਔਲਖ ਨੇ ਨਿਭਾਈ।