ਪੱਤਰ ਪ੍ਰੇਰਕ
ਦੋਰਾਹਾ, 1 ਜਨਵਰੀ
ਅੱਜ ਇਥੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਬਰਾਂ ਦੀ ਇਕੱਤਰਤਾ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ 75 ਸਾਲ ਦੀ ਉਮਰ ਪੂਰੇ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਖਾਸ ਕਰਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਵੱਲੋਂ ਪੈਨਸ਼ਨਰਾਂ ਸਬੰਧੀ ਐਲਾਨੇ ਫੈਸਲਿਆਂ ਸਬੰਧੀ ਪੱਤਰ ਜਾਰੀ ਨਾ ਕਰਨ ਅਤੇ ਜਾਰੀ ਕੀਤੇ ਪੱਤਰ ਨੂੰ ਤੋੜ ਮਰੋੜ ਕੇ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਸਰਕਾਰ ਵੱਲੋਂ ਅਜੇ ਤੱਕ ਨਾ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਪੈਨਸ਼ਨ ਸੋਧਣ, ਨਾ ਹੀ ਵਧਿਆ ਮਹਿੰਗਾਈ ਭੱਤਾ ਅਤੇ ਵਧਿਆ ਡਾਕਟਰੀ ਭੱਤਾ ਨਾ ਦੇਣ ਦੀ ਸਖ਼ਤ ਨਿਖੇਧੀ ਕੀਤੀ ਗਈ। ਸਰਕਾਰ ਤੋਂ ਇਨ੍ਹਾਂ ਫੈਸਲਿਆਂ ਨੂੰ ਤੁਰੰਤ ਲਾਗੂ ਕਰਨ, ਜੁਲਾਈ 2021 ਤੋਂ ਬਣਦੀ 3 ਫ਼ੀਸਦ ਡੀਏ ਦੀ ਕਿਸ਼ਤ ਜਾਰੀ ਕਰਨ ਅਤੇ ਪਿਛਲੇ ਕੋਈ 186 ਮਹੀਨਿਆਂ ਦਾ ਡੀਏ ਬਕਾਇਆ ਦਿੱਤਾ ਜਾਵੇ। ਗੁਰਦਿਆਲ ਦਲਾਲ ਅਤੇ ਮੁਰਾਰੀ ਲਾਲ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰ ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਲੋਕ ਵਿਰੋਧੀ, ਪੈਨਸ਼ਨਰਜ਼ ਅਤੇ ਮੁਲਾਜ਼ਮ ਵਿਰੋਧੀ ਸਾਬਤ ਹੋਈ ਹੈ। ਰਣਜੀਤ ਸਿੰਘ ਟਿਵਾਣਾ, ਸਤਿੰਦਰਪਾਲ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਆਪਣੇ ਕੀਤੇ ਫੈਸਲੇ ਅਤੇ ਹੋਰ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਚੋਣਾਂ ਦੌਰਾਨ ਝੂਠੀ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ ਅਤੇ ਸਖ਼ਤ ਵਿਰੋਧ ਕੀਤਾ ਜਾਵੇਗਾ।
ਪੈਨਸ਼ਨਰਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਭੜਾਸ ਕੱਢੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਰਾਜ ਪੈਨਸ਼ਨਰਜ਼ ਮਹਾ ਸਭਾ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਚੰਨੀ ਸਰਕਾਰ ਨੇ ਪੰਜਾਬ ਭਰ ਦੇ ਪੈਨਸ਼ਨਰਾਂ ਨੂੰ 29 ਅਕਤੂਬਰ 2021 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਸੋਧੀ ਨਵੀਂ ਪੈਨਸ਼ਨ ਚੜ੍ਹਦੇ ਸਾਲ ਨਾ ਦੇ ਕੇ ਧੋਖਾ ਅਤੇ ਕਹਿਰ ਕਮਾਇਆ ਹੈ। ਸਰਕਾਰ ਦੇ ਇਸ ਵਤੀਰੇ ਨੂੰ ਪੈਨਸ਼ਨਰਜ਼ ਕਦੇ ਬਰਦਾਸ਼ਤ ਨਹੀਂ ਕਰਨਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇੱਕ ਮਿਸਾਲੀ ਸਬਕ ਸਿਖਾਇਆ ਜਾਵੇਗਾ। ਸ਼ਰਮਾ ਨੇ ਆਖਿਆ ਕਿ ਪੈਨਸ਼ਨਰਜ਼ ਦੇ ਮੈਡੀਕਲ ਪੂਰਤੀ ਬਿੱਲਾਂ ਦੀ ਵੀ ਸਰਕਾਰ ਅਦਾਇਗੀ ਨਹੀਂ ਕਰ ਰਹੀ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਉਪਰੋਕਤ ਪੈਨਸ਼ਨਰਜ਼ ਸਬੰਧੀ ਨੋਟੀਫਿਕੇਸ਼ਨ ਨੂੰ ਲਾਗੂ ਕਰਕੇ ਬਣਦੇ ਬਕਾਇਆਂ ਦੀ ਤੁਰੰਤ ਅਦਾਇਗੀ ਨਾ ਕੀਤੀ ਗਈ ਤਾਂ ਚੋਣ ਜ਼ਾਬਤਾ ਲੱਗਣ ਉਪਰੰਤ ਵੀ ਪੈਨਸ਼ਨਰਜ਼ ਤਿੱਖੇ ਸੰਘਰਸ਼ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ।