ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਕਤੂਬਰ
ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਐਸੋਸੀਏਸ਼ਨ ਨੇ ਅੱਜ ਪੀਏਯੂ ਵਿੱਚ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡੀਪੀ ਮੌੜ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਉੱਘੇ ਖੇਤੀ ਵਿਗਿਆਨੀ ਡਾ. ਸਤਿਵੀਰ ਸਿੰਘ ਗੋਸਲ ਨੂੰ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਪ੍ਰਬੰਧਕੀ ਬੋਰਡ ਰਾਹੀਂ ਨਿਯਮਾਂ ਅਨੁਸਾਰ ਨਿਯੁਕਤ ਕੀਤੇ ਜਾਣ ਵਿਰੁੱਧ ਰਾਜਨੀਤੀ ਤੋਂ ਪ੍ਰੇਰਤ ਨਿੰਦਣਯੋਗ ਰਵੱਈਆ ਅਪਣਾ ਰਹੇ ਹਨ। ਸ੍ਰੀ ਮੌੜ ਨੇ ਕਿਹਾ ਕਿ ਅਸਲ ਵਿਚ ਇਹ ਭਾਰਤੀ ਜਨਤਾ ਪਾਰਟੀ ਦਾ ਸੂਬਿਆਂ ਦੇ ਅਧਿਕਾਰਾਂ ਅਤੇ ਸਿੱਖਿਆ ਸੰਸਥਾਵਾਂ ਖ਼ਿਲਾਫ਼ ਬੋਲਿਆ ਗੰਭੀਰ ਹਮਲਾ ਹੈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਗੰਭੀਰ ਤਰੁੱਟੀਆਂ ਦੂਰ ਨਾ ਕਰਨ ਅਤੇ ਬਣਦੇ ਮਹਿੰਗਾਈ ਭੱਤੇ ਤੋਂ ਘੱਟ ਦੇਣ ਖ਼ਿਲਾਫ਼ ਮਤਾ ਪਾਸ ਕੀਤਾ ਗਿਆ।
ਮੀਟਿੰਗ ਵਿੱਚ ਜਨਰਲ ਸਕੱਤਰ ਜੇਐੱਲ ਨਾਰੰਗ ਅਤੇ ਸੀ.ਮੀਤ ਪ੍ਰਧਾਨ ਸਾਥੀ ਜੋਗਿੰਦਰ ਰਾਮ, ਡਾ.ਗੁਲਜ਼ਾਰ ਸਿੰਘ ਪੰਧੇਰ, ਸਪਤਕਲਾ, ਸਤਨਾਮ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ ਤੁੰਗ, ਰਾਜ ਕੁਮਾਰ ਤੇ ਗਡਵਾਸੂ ਪੈਨਸ਼ਨਰਜ ਦੇ ਪ੍ਰਧਾਨ ਅਨਿਲ ਸੱਭਰਵਾਲ ਹਾਜ਼ਰ ਹੋਏ।