ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਮਈ
ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕਰਕੇ, ਪੰਜਾਬ ਭਰ ਦੇ ਹਜ਼ਾਰਾਂ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ 7 ਮਈ ਵਾਲੇ ਦਿਨ ਇਕ ਜਗ੍ਹਾ ਇਕੱਠੇ ਕਰਕੇ ਮੀਟਿੰਗ ਕਰਨ ਦੇ ਢੰਗ ਤਰੀਕੇ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਗ਼ੈਰ ਵਾਜਬ ਕਰਾਰ ਦਿੰਦਿਆਂ ਅਜਿਹੇ ਇਕੱਠ ਕਰਨਾ ਮਹਿਜ਼ ਸਿਆਸੀ ਵਿਖਾਵੇਬਾਜ਼ੀ ਤੋਂ ਪ੍ਰੇਰਿਤ ਹੋਣਾ ਦੱਸਿਆ ਹੈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ, ਬੀਐੱਮ ਅਤੇ ਡੀਐੱਮ ਦੀ ਵੱਡੀ ਗਿਣਤੀ ਵਿੱਚ ਸਕੂਲੋਂ ਬਾਹਰ ਡਿਊਟੀ, ਪ੍ਰੀਖਿਆ ਡਿਊਟੀਆਂ ਅਤੇ ਮੁਲਾਂਕਣ ਡਿਊਟੀਆਂ ਆਦਿ ਕਰਕੇ ਜਿਥੇ ਵੱਡੀ ਗਿਣਤੀ ਵਿਚ ਅਧਿਆਪਕ ਸਕੂਲੋਂ ਬਾਹਰ ਹਨ, ਅਜਿਹੀ ਹਾਲਤ ਵਿਚ ਸਕੂਲਾਂ ਤੋਂ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਨੂੰ ਸੱਦ ਕੇ ਮੀਟਿੰਗ ਕਰਨਾ ਠੀਕ ਨਹੀਂ ਹੈ। ਇਸ ਮੌਕੇ ਫਰੰਟ ਦੇ ਆਗੂ ਰੁਪਿੰਦਰਪਾਲ ਸਿੰਘ ਗਿੱਲ, ਰਮਨਜੀਤ ਸੰਧੂ ਜਗਪਾਲ ਬੰਗੀ, ਗੁਰਪਿਆਰ ਕੋਟਲੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਮੀਟਿੰਗ ਵਿੱਚ ਸ਼ਾਮਲ ਕਰਵਾਉਣ ਦੇ ਨਾਂ ’ਤੇ ਜਾਰੀ ਕੀਤੇ ਪੱਤਰ ਰਾਹੀਂ, ਉਨ੍ਹਾਂ ਨੂੰ ਸ਼ਨਿਚਰਵਾਰ ਤੱਕ ਕਿਸੇ ਕਿਸਮ ਦੀ ਛੁੱਟੀ ਲੈਣ ਦੀ ਸੂਰਤ ਵਿੱਚ, ਸਿੱਖਿਆ ਸਕੱਤਰ ਦੀ ਹੀ ਪ੍ਰਵਾਨਗੀ ਲੈਣ ਦੀ ਬੰਦਿਸ਼ ਲਾਉਣੀ ਵੀ ਗੈਰ ਸੰਵਿਧਾਨਕ ਤੇ ਤਰਕਹੀਣ ਹੈ ਅਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਬਣਦਾ ਹੈ।