ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਜੂਨ
ਕਾਮਾਗਾਟਾਮਾਰੂ ਯਾਦਗਾਰ ਕਾਰਜਕਾਰੀ ਕਮੇਟੀ ਨੇ ਪਟਿਆਲਾ ਵਿੱਚ ਹਜ਼ਾਰਾਂ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਅਤੇ ਸਵਾ ਸੌ ਤੋਂ ਵਧੇਰੇ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹੀਂ ਡੱਕਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਸਾਥੀ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਕਮੇਟੀ ਨੇ ਸਿੱਖਿਆ ਭਵਨ ਮੁਹਾਲੀ ਵਿਚ ਪੱਕੇ ਰੁਜ਼ਗਾਰ ਦੀ ਮੰਗ ਕਰਦੇ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਹਜ਼ਾਰਾਂ ਕੱਚੇ ਅਧਿਆਪਕਾਂ ਨਾਲ ਵੀ ਧੱਕਾ-ਮੁੱਕੀ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਕਮੇਟੀ ਦੇ ਆਗੂਆਂ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ ਗਰੇਵਾਲ, ਮਲਕੀਤ ਸਿੰਘ, ਸੁਖਦੇਵ ਸਿੰਘ, ਸ਼ਿੰਦਰ ਸਿੰਘ ਜਵੱਦੀ, ਚਰਨਜੀਤ ਹਿੰਮਾਯੂਪੁਰਾ, ਬਾਲ ਕਿਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਦੌਰਾਨ ਸਾਰੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕੀਆਂ ਅਸਾਮੀਆਂ ’ਤੇ ਨਿਯੁਕਤ ਕਰਨ ਅਤੇ ਸਾਰੇ ਕੱਚੇ ਅਤੇ ਠੇਕਾ ਅਧਾਰਿਤ ਅਧਿਆਪਕਾਂ ਨੂੰ 4 ਹਫ਼ਤੇ ਵਿਚ ਰੈਗੂਲਰ ਕਰਨ ਦਾ ਵਾਅਦਾ ਯਾਦ ਕਰਵਾਇਆ। ਕਾਰਜਕਾਰੀ ਕਮੇਟੀ ਨੇ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਦੇ ਹੱਕੀ ਘੋਲਾਂ ਦੀ ਹਮਾਇਤ ਦਾ ਐਲਾਨ ਕੀਤਾ।