ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਅਗਸਤ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੁਧਿਆਣਾ ਇਕਾਈ ਅਤੇ ਤਰਕਸ਼ੀਲ ਸੁਸਾਇਟੀ ਜ਼ੋਨ ਲੁਧਿਆਣਾ ਵੱਲੋਂ ਰਾਜਸਥਾਨ ਵਿੱਚ ਕਥਿਤ ਤੌਰ ’ਤੇ ਆਰਐੱਸਐੱਸ ਵੱਲੋਂ ਚਲਾਏ ਜਾ ਰਹੇ ਸਰਸਵਤੀ ਵਿੱਦਿਆ ਮੰਦਰ ਸਕੂਲ ਦੇ ਘੜੇ ’ਚੋਂ ਪਾਣੀ ਪੀਣ ਕਾਰਨ ਇੱਕ ਦਲਿਤ ਬੱਚੇ ਨੂੰ ਅਖੌਤੀ ਉੱਚ ਜਾਤੀ ਦੇ ਪ੍ਰਿੰਸੀਪਲ ਵੱਲੋਂ ਕੁੱਟਣ ਨਾਲ ਬੱਚੇ ਦੀ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਜਸਵੰਤ ਜੀਰਖ, ਮਨਜੀਤ ਸਿੰਘ ਬੁਢੇਲ, ਬਲਵਿੰਦਰ ਸਿੰਘ, ਆਤਮਾ ਸਿੰਘ ਨੇ ਕਿਹਾ ਕਿ ਹਿੰਦੂਤਵ ਦੇ ਏਜੰਡੇ ’ਤੇ ਆਰਐਸਐਸ ਦੇ ਇਸ਼ਾਰਿਆਂ ਅਨੁਸਾਰ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ, ਲੋਕ ਮੁੱਦਿਆਂ ਤੋਂ ਪਾਸਾ ਵੱਟਕੇ ਲੋਕਾਂ ਵਿਚਕਾਰ ਜਾਤਾਂ, ਧਰਮਾਂ ਦੀਆਂ ਲਕੀਰਾਂ ਹੋਰ ਪੱਕੀਆਂ ਕਰ ਕੇ ਇੱਕੇ ਵੇਲਾ ਵਹਾ ਚੁੱਕੀ ਮੰਨੂੰਸਿਮਰਤੀ ਵਿਚਾਰਾਂ ਵਾਲਾ ਬ੍ਰਾਹਮਣਵਾਦੀ ਰਾਜ ਥੋਪਣਾ ਚਾਹੁੰਦੀ ਹੈ। ਭਾਜਪਾ ਦੀ ਇਹੋ ਰਾਜਨੀਤੀ ਰਾਜਸਥਾਨ ਵਿੱਚ ਇਸ ਸਕੂਲ ਦੇ ਅਖੌਤੀ ਉੱਚ ਜਾਤੀ ਪ੍ਰਿੰਸੀਪਲ ਦੀ ਗੈਰ ਇਨਸਾਨੀ ਹੈਂਕੜ ਵਿੱਚ 9 ਸਾਲਾ ਬੱਚੇ ਲਈ ਕਾਤਲਾਨਾ ਸਿੱਧ ਹੋਈ ਹੈ। ਆਗੂਆਂ ਨੇ ਉਪਰੋਕਤ ਸਕੂਲ ਦੀ ਮਾਨਤਾ ਰੱਦ ਕਰ ਕੇ ਬੱਚੇ ਦੇ ਕਾਤਲ ਖਿਲਾਫ ਸਖਤ ਕਾਰਵਾਈ ਕਰਨ ਅਤੇ ਬੱਚੇ ਦੇ ਮਾਪਿਆਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।