ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਸਤੰਬਰ
ਆਪਣੇ ਹੱਕਾਂ ਲਈ ਪਿਛਲੇ ਡੇਢ ਦਹਾਕੇ ਤੋਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੇ ਅੱਜ ਆਪਣੇ ਰੈਗੂਲਰ ਸੇਵਾਵਾਂ ਵਾਲੇ ਹੁਕਮਾਂ ਦੀਆਂ ਕਾਪੀਆਂ ਫੂਕਦਿਆਂ ਖੰਨਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੇ ਸਮੂਹ ਸਟਾਫ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਜਵੰਤ ਕੌਰ ਨੇ ਕਿਹਾ ਕਿ 2011 ਵਿਚ ਤਤਕਾਲੀ ਸੂਬਾ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਵੋਕੇਸ਼ਨਲ ਮਾਸਟਰ ਗ੍ਰੇਡ ਦੇ ਨਾਲ ਰੈਗੂਲਰ ਕੀਤੀਆਂ ਸਨ ਪਰ 11 ਸਾਲ ਬੀਤ ਜਾਣ ਪਿਛੋਂ ਵੀ ਉਨ੍ਹਾਂ ਨੂੰ ਰੈਗੂਲਰ ਕਰਮਚਾਰੀਆਂ ਵਾਲੇ ਲਾਭ ਨਹੀਂ ਦਿੱਤੇ ਗਏ। ਕੰਪਿਊਟਰ ਅਧਿਆਪਕ ਆਗੂ ਪਰਮਵੀਰ ਸਿੰਘ ਪੰਮੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾ ‘ਆਪ’ ਆਗੂਆਂ ਵੱਲੋਂ ਸੂਬੇ ਵਿਚ ਪਾਰਟੀ ਦੀ ਸਰਕਾਰ ਬਣਨ ’ਤੇ ਤਰਜੀਹ ਦੇ ਆਧਾਰ ’ਤੇ ਕੰਪਿਊਟਰ ਅਧਿਆਪਕਾਂ ਦੇ ਹੱਕ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਸ ਦੇ ਉਲਟ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਦੇ ਇਕ ਲੰਬੇ ਦੌਰ ਪਿੱਛੋਂ ਵੀ ਕੰਪਿਊਟਰ ਅਧਿਆਪਕ ਆਪਣੇ ਹੱਕਾਂ ਤੋਂ ਵਾਂਝੇ ਹਨ।