ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਅਪਰੈਲ
ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਲੜੀਵਾਰ ਧਰਨੇ ਦੇ ਅੱਜ ਤਿੰਨ ਮਹੀਨੇ ਪੂਰੇ ਹੋ ਗਏ। ਲੜੀਵਾਰ ਧਰਨੇ ਦੀ ਅਗਵਾਈ ਸੁਖਵਿੰਦਰ ਕੌਰ, ਅਮਨਦੀਪ ਕੌਰ ਅਤੇ ਜਰਨੈਲ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਦੇ ਅੜੀਅਲ ਰਵੱਈਏ ਵਿਰੁੱਧ ਘੋਲ ਵਿਚ ਔਰਤਾਂ ਨੇ ਵੀ ਮਰਦਾਂ ਦੇ ਬਰਾਬਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਘੋਲ ਦੀ ਜਿੱਤ ਤੱਕ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਔਰਤਾਂ ਡਟੀਆਂ ਰਹਿਣਗੀਆਂ। ਇਸ ਮੌਕੇ ਹੋਰਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਸਿਕੰਦਰ ਸਿੰਘ ਹਿਮਾਂਯੂਪੁਰ, ਜਸਮੇਲ ਸਿੰਘ ਬੀਹਲਾ, ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਹਰਪਾਲ ਸਿੰਘ ਕਾਲਖ, ਹਰਵਿੰਦਰ ਸਿੰਘ, ਕਲੈਕਟਰ ਸਿੰਘ ਨਾਰੰਗਵਾਲ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਭਵਿੱਖ ਦੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਜਾਵੇਗਾ। ਉੱਧਰ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਸਥਿਤ ਹਿੱਸੋਵਾਲ ਟੌਲ ਪਲਾਜ਼ਾ ਉੱਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਅੱਜ ਵੀ ਜਾਰੀ ਰਿਹਾ।