ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਅਗਸਤ
ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅੱਗੇ ਲੜੀਵਾਰ ਧਰਨੇ ਦੇ ਸੱਤ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਮੋਦੀ ਸਰਕਾਰ ਅਤੇ ਅਡਾਨੀਆਂ ਦੇ ਭਾਰੀ ਦਬਾਅ ਨੂੰ ਝੱਲਦਿਆਂ, ਖੱਟੀਆਂ ਮਿੱਠੀਆਂ ਯਾਦਾਂ ਅਤੇ ਨਵੇਂ ਨਵੇਂ ਤਜਰਬਿਆਂ ਨਾਲ ਅੰਦੋਲਨ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤ ਮਹੀਨਿਆਂ ਵਿੱਚ ਔਰਤਾਂ ਨੇ ਵੱਡਾ ਇਕੱਠ ਕਰ ਕੇ, ਟਰੈਕਟਰ ਮਾਰਚ ਕਰ ਕੇ, ਪਿੰਡਾਂ ਵਿੱਚ ਇਨਕਲਾਬੀ ਜਾਗੋ ਕੱਢ ਕੇ ਲੋਕਾਂ ਨੂੰ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਬੱਚਿਆਂ ਵੱਲੋਂ ਸਟੇਜ ਚਲਾ ਕੇ ਗੀਤ, ਕਵਿਤਾਵਾਂ ਅਤੇ ਸਕਿੱਟਾਂ ਪੇਸ਼ ਕਰ ਕੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਨੂੰ ਬੱਚਿਆਂ ਵੱਲੋਂ ਮਨੁੱਖੀ ਚੇਨ ਬਣਾ ਕੇ ਘੇਰਾ ਪਾਇਆ ਗਿਆ ਤੇ ਬਾਬਿਆਂ ਵੱਲੋਂ ਕਿਸਾਨ ਸੰਸਦ ਲਾਈ ਗਈ। ਉਨ੍ਹਾਂ ਕਿਹਾ ਕਿ ਇਸ ਮੋਰਚੇ ਦਾ ਹੀ ਨਤੀਜਾ ਹੈ ਕਿ ਅਡਾਨੀਆਂ ਦੇ ਨਾਮ ਵਾਲਾ ਫੱਟਾ ਲਾਹੁਣਾ ਪਿਆ। ਇਸ ਮੌਕੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਲਾਕੇ ਦੇ ਸਾਰੇ ਲੋਕਾਂ ਦਾ ਇਸ ਧਰਨੇ ਨੂੰ ਚਲਾਉਣ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਧਰਨੇ ਦੀ ਅਗਵਾਈ ਜਰਨੈਲ ਕੌਰ, ਅਮਨਦੀਪ ਕੌਰ ਅਤੇ ਰਜਿੰਦਰ ਕੌਰ ਨੇ ਕੀਤੀ। ਜਨਵਾਦੀ ਇਸਤਰੀ ਸਭਾ ਮਹਿੰਦਰ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਕਿਸਾਨ ਆਗੂ ਸੁਰਜੀਤ ਸਿੰਘ, ਬਲਦੇਵ ਸਿੰਘ ਧੂਰਕੋਟ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਧਰਨਾ ਜਾਰੀ ਰਹੇਗਾ।
ਦਿੱਲੀ ਸੰਘਰਸ਼ ਲਈ ਬੱਸੀਆਂ ਤੋਂ ਜਥਾ ਰਵਾਨਾ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਬੱਸੀਆਂ ਵਲੋਂ ਦਿੱਲੀ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸਘੰਰਸ਼ ਵਿਚ ਸ਼ਾਮਲ ਹੋਣ ਲਈ ਅੱਜ ਪਿੰਡ ਬੱਸੀਆਂ ਤੋਂ ਕਿਸਾਨਾਂ ਦਾ 49ਵਾਂ ਜੱਥਾ ਪ੍ਰਧਾਨ ਰਣਧੀਰ ਸਿੰਘ ਉੱਪਲ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਜੱਥੇ ਵਿੱਚ ਦਰਸ਼ਨ ਸਿੰਘ ਕੈਲਾ, ਬਹਾਦਰ ਸਿੰਘ ਕੈਲਾ, ਪ੍ਰੀਤਮ ਸਿੰਘ ਕੈਲਾ, ਸਰਬਜੀਤ ਸਿੰਘ, ਬਿੰਦਾ ਕੈਲਾ ਆਦਿ ਸ਼ਾਮਲ ਸਨ। ਜਥੇ ਨੂੰ ਰਵਾਨਾ ਕਰਨ ਮੌਕੇ ਪ੍ਰਧਾਨ ਗੁਰਦੇਵ ਸਿੰਘ ਗਿੱਲ, ਕਮਲਪ੍ਰੀਤ ਸਿੰਘ ਉੱਪਲ, ਕਾਲਾ ਸਿੰਘ ਗਿੱਲ, ਰਾਣਾ ਕੈਲਾਂ ਤੇ ਰਣਜੀਤ ਸਿੰਘ ਚੀਮਾ ਹਾਜ਼ਰ ਸਨ।