ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੂਨ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਮੀਟਿੰਗ ਦੌਰਾਨ ਕਿਹਾ ਕਿ ਲਗਭਗ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਚਿਰਾਂ ਤੋਂ ਵਿਚੋਲੇ ਬਾਹਰ ਕੱਢਣ ਅਤੇ ਖਰੀਦ ਸਮੇਂ ਹੋ ਰਹੀ ਲੁੱਟ ਬੰਦ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ। ਹੁਣ ਜਦੋਂ ਪੰਜਾਬ ਸਰਕਾਰ ਨੇ ਮੂੰਗੀ ਦੀ ਖਰੀਦ ਸ਼ੁਰੂ ਕਰ ਦਿੱਤੀ ਤਾਂ ਕੁਝ ਕਿਸਾਨ ਨੁਮਾਇੰਦਿਆਂ ਨੇ ਆੜ੍ਹਤੀਆਂ ਦੇ ਹੱਕ ’ਚ ਝੰਡੇ ਚੁੱਕ ਲਏ।
ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀਆਂ ਦੀ ਸਮੱਸਿਆ ਹੈ ਉਨ੍ਹਾਂ ਦਾ ਰੌਲਾ ਪਾਉਣਾ ਜਾਇਜ਼ ਵੀ ਹੈ ਤੇ ਸਮਝ ’ਚ ਵੀ ਆਉਂਦਾ ਹੈ ਪਰ ਕਿਸਾਨਾਂ ਮਜ਼ਦੂਰਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਆੜ੍ਹਤੀਆਂ ਦੇ ਪੱਖ ’ਚ ਧਰਨੇ ਲਾਉਣੇ ਨਿੰਦਣਯੋਗ ਹੈ। ਪਿੰਡ ਅਖਾੜਾ ਵਿੱਚ ਕਰਮਜੀਤ ਸਿੰਘ ਕਾਉਂਕੇ ਕਲਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ।