ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਗਸਤ
ਇਥੇ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਆਰਟੀਆਈ ਸੈਲ ਦੇ ਮੁਖੀ ਸਤੀਸ਼ ਸ਼ਰਮਾ ਨੇ ਨਗਰ ਕੌਂਸਲ ਦੇ ਜੇ.ਈ ਅਜੇ ਕੁਮਾਰ ’ਤੇ ਸਾਜਿਸ਼ ਤਹਿਤ ਐਮ.ਬੀ ਬੁੱਕ (ਸਰਕਾਰੀ ਮਾਪ ਕਿਤਾਬ) ਗਾਇਬ ਕਰਨ ਦੇ ਦੋਸ਼ ਲਾਉਂਦਿਆਂ ਵਿਜੀਲੈਂਸ ਪੰਜਾਬ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਬੁੱਕ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦੇ ਬਿੱਲਾਂ ਦਾ ਹਿਸਾਬ ਕਿਤਾਬ ਸੀ। ਉਨ੍ਹਾਂ ਕਿਹਾ ਕਿ ਜੇਈ ਅਜੇ ਕੁਮਾਰ ਨੇ ਐਮ.ਬੀ ਬੁੱਕ ਨੰਬਰ-377 ਦੇ ਗਾਇਬ ਹੋਣ ਸਬੰਧੀ ਅਧਿਕਾਰੀਆਂ ਨੂੰ ਗਲਤ ਤੱਥਾਂ ਦੇ ਅਧਾਰ ’ਤੇ ਬਿਆਨ ਦਿੱਤੇ ਅਤੇ ਬੁੱਕ ਵਿਚ ਆਖਰੀ ਬਿੱਲ ਦੀ ਐਂਟਰੀ 20 ਫ਼ਰਵਰੀ 2020 ਨੂੰ ਕੀਤੀ ਗਈ। ਇਸ ਦੀ ਗੁੰਮਸ਼ੁਦਗੀ ਰਿਪਰੋਟ ਵੀ ਕੌਂਸਲ ਦੇ ਈਓ ਵੱਲੋਂ ਦਰਜ ਹੋਣ ਦੀ ਥਾਂ ਅਜੇ ਕੁਮਾਰ ਨੇ ਨਿੱਜੀ ਤੌਰ ਤੇ ਕਰਵਾਈ ਪਰ ਗੁੰਮਸ਼ੁਦਗੀ ਦੀ ਤਾਰੀਖ, ਸਮਾਂ ਤੇ ਸਥਾਨ ਨਹੀਂ ਦਿੱਤਾ ਗਿਆ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬੁੱਕ ਸਾਜ਼ਿਸ਼ ਤਹਿਤ ਗਾਇਬ ਕੀਤੀ ਗਈ ਹੈ। ਜੇ.ਈ.ਅਜੇ ਕੁਮਾਰ ਨੇ ਕਿਹਾ ਕਿ ਇਸ ਵਿਚ ਕੋਈ ਸਾਜ਼ਿਸ਼ ਨਹੀਂ ਹੈ ਅਤੇ ਐਮ.ਬੀ ਬੁੱਕ ਗਾਇਬ ਹੋਣ ਉਪਰੰਤ ਉਨ੍ਹਾਂ ਨੇ ਗੁੰਮਸ਼ੁਦਗੀ ਰਿਪਰੋਟ ਲਿਖਵਾ ਦਿੱਤੀ ਸੀ।