ਸਤਵਿੰਦਰ ਬਸਰਾ
ਲੁਧਿਆਣਾ, 4 ਅਪਰੈਲ
ਨਕਲ ਵਿਰੋਧੀ ਅਧਿਆਪਕ ਫ਼ਰੰਟ ਨੇ ਸ਼ਿਮਲਾਪੁਰੀ ਦੇ ਇੱਕ ਸਕੂਲ ਵੱਲੋਂ ਬਾਕਾਇਆ ਫੀਸ ਦੀ ਵਸੂਲੀ ਲਈ ਬੱਚਿਆਂ ਦੇ ਅਸਲ ਦਸਤਾਵੇਜ਼ ਨਾ ਦਿੱਤੇ ਜਾਣ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ। ਫ਼ਰੰਟ ਕੋਲ ਹਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਬੱਚਿਆਂ ਨੂੰ ਸ਼ਿਮਲਾਪੁਰੀ ਦੇ ਇੱਕ ਸਕੂਲ ਵੱਲੋਂ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਲਈ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
ਨਕਲ ਵਿਰੋਧੀ ਫ਼ਰੰਟ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਸ਼ਿਮਲਾਪੁਰੀ ਦੇ ਇੱਕ ਸਕੂਲ ਵਿੱਚ ਦਸਵੀਂ, ਅੱਠਵੀਂ ਅਤੇ ਪੰਜਵੀਂ ਜਮਾਤ ਵਿੱਚ ਪੜ੍ਹਦੀਆਂ ਹਨ। ਇਨ੍ਹਾਂ ਸਾਰਿਆਂ ਦੇ ਜਨਮ ਸਰਟੀਫਿਕੇਟ, ਆਧਾਰ ਕਾਰਡ, ਆਈਡੀ ਪਰੂਫ ਆਦਿ ਅਸਲ ਦਸਤਾਵੇਜ਼ ਸਕੂਲ ਵਿੱਚ ਜਮ੍ਹਾਂ ਕਰਵਾਏ ਹੋਏ ਹਨ। ਉਹ ਬੱਚਿਆਂ ਦਾ ਸਕੂਲ ਬਦਲਣਾ ਚਾਹੁੰਦਾ ਹੈ ਅਤੇ ਜਦੋਂ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਉਕਤ ਰਕਮ ਜਮ੍ਹਾਂ ਕਰਵਾਉਣ ਲਈ ਆਖਿਆ ਜਾ ਰਿਹਾ ਹੈ। ਉਸ ਨੇ ਐਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਪ੍ਰਗਟਾਈ ਹੈ। ਇਸ ਸ਼ਿਕਾਇਤ ਦੇ ਅਧਾਰ ’ਤੇ ਹੀ ਫਰੰਟ ਨੇ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ। ਫਰੰਟ ਨੇ ਲਿਖਿਆ ਹੈ ਕਿ ਬੱਚਿਆਂ ਦੇ ਅਸਲ ਦਸਤਾਵੇਜ਼ ਜ਼ਬਤ ਕਰਨਾ ਕਾਨੂੰਨੀ ਤੌਰ ’ਤੇ ਗਲਤ ਹੈ। ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਅਨੁਸਾਰ ਸਕੂਲ ਦੀਆਂ ਇਨ੍ਹਾਂ ਦਮਨਕਾਰੀ ਨੀਤੀਆਂ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਇੱਕ-ਇੱਕ ਸਾਲ ਖਰਾਬ ਹੋ ਚੁੱਕਾ ਹੈ ਕਿਉਂਕਿ ਸਕੂਲ ਵਾਲਿਆਂ ਨੇ ਪਿਛਲੀ ਜਮਾਤ ਦੇ ਪਾਸ ਸਰਟੀਫਿਕੇਟ ਵੀ ਵਿਦਿਆਰਥੀਆਂ ਨੂੰ ਹਾਲੇ ਤੱਕ ਮੁਹੱਈਆ ਨਹੀਂ ਕਰਵਾਏ। ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਅਨੁਸਾਰ ਫਰੰਟ ਨੇ ਸਕੂਲ ਵਾਲਿਆਂ ਨਾਲ ਗੱਲ ਕਰ ਕੇ ਜਾਇਜ਼ ਫੀਸ ਆਪਣੇ ਪੱਲਿਓਂ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ, ਜਿਸ ਨੂੰ ਸਕੂਲ ਵੱਲੋਂ ਕਥਿਤ ਤੌਰ ’ਤੇ ਨਕਾਰਦਿਆਂ ਲੁਧਿਆਣਾ ਦੱਖਣੀ ਦੇ ਵਿਧਾਇਕ ਦੇ ਦਫਤਰ ਤੱਕ ਵੀ ਪਹੁੰਚ ਕੀਤੀ। ਫਰੰਟ ਵੱਲੋਂ ਵਿਧਾਇਕ ਦੇ ਦਫਤਰ ਤੋਂ ਇੱਕ ਮੁਲਾਜ਼ਮ ਦੇ ਆਏ ਫੋਨ ਦੀ ਆਡੀਓ ਰਿਕਾਰਡਿੰਗ ਵੀ ਮੁੱਖ ਮੰਤਰੀ ਨੂੰ ਭੇਜ ਕੇ ਜਾਂਚ ਕਰਵਾਉਣ ਲਈ ਆਖਿਆ ਹੈ। ਫਰੰਟ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਬੱਚਿਆਂ ਦੇ ਭਵਿੱਖ ਨੂੰ ਅਸਲ ਦਸਤਾਵੇਜ਼ ਅਤੇ ਸਕੂਲ ਛੱਡਣ ਦਾ ਸਰਟੀਫਿਕੇਟ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।