ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੁਲਾਈ
ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਾਜ਼ੀਆਬਾਦ ਮੀਟਿੰਗ ਦੌਰਾਨ ਉਲੀਕੇ ਦੇਸ਼ਿਵਆਪੀ ਪ੍ਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਅਹਿਦ ਲਿਆ। ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਮੋਰਚੇ ਦੇ ਪਹਿਲੇ ਪ੍ਰੋਗਰਾਮ ਜਿਸ ਤਰ੍ਹਾਂ ਪ੍ਰਭਾਵੀ ਢੰਗ ਨਾਲ ਲਾਗੂ ਕੀਤੇ ਗਏ ਉਸੇ ਤਰਜ਼ ’ਤੇ ਹੁਣ ਅਗਲੇ ਪ੍ਰੋਗਰਾਮਾਂ ’ਚ ਜਥੇਬੰਦੀ ਦੇ ਕਾਰਕੁਨ ਵੱਧ ਚੜ੍ਹ ਕੇ ਹਿੱਸਾ ਲੈਣਗੇ। ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਇਕੱਤਰਤਾ ’ਚ ਕਾਮਰੇਡ ਸੰਧੂ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਸਬੰਧੀ ਇਨਸਾਫ਼ ਹਾਸਲ ਕਰਨਾ ਜਥੇਬੰਦੀਆਂ ਲਈ ਚੁਣੌਤੀ ਹੈ ਅਤੇ ਪੂਰੀ ਸ਼ਿਦਤ ਨਾਲ ਸੰਘਰਸ਼ ਕਰਨਾ ਕਿਸਾਨੀ ਮੁਕਤੀ ਦੇ ਸੰਘਰਸ਼ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਮਸਲਾ ਵੱਖ-ਵੱਖ ਸਰਕਾਰਾਂ ਵੱਲੋਂ ਧਾਰਨ ਕੀਤੀਆਂ ਨੀਤੀਆਂ ਕਾਰਨ ਗੰਭੀਰ ਰੂਪ ਅਖਤਿਆਰ ਕਰ ਚੁੱਕਾ ਹੈ। ਫੈਕਟਰੀਆਂ ਦਾ ਗੰਦਾ ਪਾਣੀ ਧਰਤੀ ’ਚ ਸੁੱਟਣ ਤੇ ਦਰਿਆਵਾਂ ’ਚ ਪਾਉਣ ’ਤੇ ਫੌਰਨ ਰੋਕ ਲੱਗਣੀ ਚਾਹੀਦੀ ਹੈ। ਜੇ ਸਰਕਾਰ ਨੇ ਫੌਰਨ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਮੋਰਚਾ ਲਾਉਣ ਲਈ ਮਜਬੂਰ ਹੋਣਗੀਆਂ।
ਦੂਸ਼ਿਤ ਹੋ ਰਹੇ ਪਾਣੀ ਸਬੰਧੀ ਬੀਕੇਯੂ ਦੀ ਮੀਟਿੰਗ
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੌਦ ਦੀ ਮੀਟਿੰਗ ਭਜਨ ਸਿੰਘ ਸਿਆੜ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਿਆੜ ਵਿੱਚ ਹੋਈ। ਇਸ ਵਿੱਚ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਦਵਿੰਦਰ ਸਿੰਘ ਘਲੋਟੀ ਨੇ ਸ਼ਿਰਕਤ ਕੀਤੀ। ਮਾਸਟਰ ਰਜਿੰਦਰ ਸਿੰਘ ਸਿਆੜ ਨੇ ਦੱਸਿਆ ਕਿ ਪਾਣੀਆਂ ਦੀ ਸਾਂਭ ਸੰਭਾਲ, ਪਾਣੀ ਦਾ ਸੰਕਟ ਅਤੇ ਪਾਣੀ ਨੂੰ ਦੂਸ਼ਿਤ ਕਰ ਰਹੇ ਕਾਰਖਾਨੇ, ਫੈਕਟਰੀਆਂ ਜਾਂ ਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਲਈ ਸਰਕਾਰ ਇਨ੍ਹਾਂ ਮੰਗਾਂ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਬਜਟ ਵਧਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤਾਲਮੇਲ ਪ੍ਰੋਗਰਾਮ ਤਹਿਤ 21 ਤੋਂ 25 ਜੁਲਾਈ ਤੱਕ ਪੰਜ ਦਿਨਾਂ ਦੇ ਪੰਜਾਬ ਅੰਦਰ ਨੌਂ ਥਾਵਾਂ ’ਤੇ ਧਰਨੇ ਦੇਣ ਤਹਿਤ ਅੱਜ ਬਲਾਕ ਦੇ 18 ਪਿੰਡਾਂ ਦੇ ਇੱਕਤਰ ਹੋਏ ਕਿਸਾਨਾਂ ਵੱਲੋਂ ਲਗਾਤਾਰ ਚੱਲ ਰਹੇ ਧਰਨੇ ਦੀ ਸ਼ਮੂਲੀਅਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਵਧਾਉਣ ਲਈ ਰੂਪ ਰੇਖਾ ਵੀ ਤਿਆਰ ਕੀਤੀ ਗਈ ਹੈ।