ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਫਰਵਰੀ
ਉਮੀਦਵਾਰਾਂ ਨੂੰ ਚੋਣਾਂ ’ਚ ਲੱਡੂਆਂ ਤੇ ਸਿੱਕਿਆਂ ਨਾਲ ਤੋਲਣ ਦੀ ਚੱਲੀ ਆ ਰਹੀ ਰਵਾਇਤ ਐਤਕੀਂ ਬਹੁਤ ਘੱਟ ਨਜ਼ਰ ਆ ਰਹੀ ਹੈ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਨਵੇਂ ਵੋਟਰਾਂ ਤੇ ਨਵੀਂ ਪੀੜ੍ਹੀ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋਣਾ ਕਿ ਕਿਸ ਤਰ੍ਹਾਂ ਪਹਿਲਾਂ ਹਰ ਪਿੰਡ, ਵਾਰਡ, ਗਲੀ-ਮੁਹੱਲੇ ’ਚ ਉਮੀਦਵਾਰ ਲੱਡੂਆਂ ਨਾਲ ਤੋਲੇ ਜਾਂਦੇ ਸਨ। ਇਹ ਰੁਝਾਨ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਚੋਣਾਂ ਮੌਕੇ ਤਾਂ ਆਮ ਹੀ ਹੁੰਦੀ ਸਨ। ਕਈ ਵਾਰ ਤਾਂ ਪੰਚਾਇਤੀ ਚੋਣਾਂ ’ਚ ਵੀ ਹਮਾਇਤੀ ਆਪਣੇ ਉਮੀਦਵਾਰ ਨੂੰ ਲੱਡੂਆਂ ਨਾਲ ਤੋਲ ਦਿੰਦੇ ਸਨ। ਦਹਾਕਿਆਂ ਤੋਂ ਚੱਲੀ ਆ ਰਹੀ ਇਸ ਰਵਾਇਤ ਤਹਿਤ ਵਿਸ਼ੇਸ਼ ਤੌਰ ’ਤੇ ਜਲਸੇ ਵਾਲੀ ਥਾਂ ਕੰਡਾ ਮੰਗਾਇਆ ਜਾਂਦਾ ਸੀ ਤੇ ਤੋਲਣ ਸਮੇਂ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ।
ਆਧੁਨਿਕ ਯੁੱਗ ਦੀਆਂ ਇਨ੍ਹਾਂ ਚੋਣਾਂ ’ਚ ਇਹ ਰੁਝਾਨ ਘੱਟ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਦਾਖਾ ਦੇ ਪਿੰਡ ਆਲੀਵਾਲ ’ਚ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਜਦੋਂ ਸਾਬਕਾ ਸਰਪੰਚ ਪਰਗਟ ਸਿੰਘ ਢਿੱਲੋਂ ਵੱਲੋਂ ਤੋਲਿਆ ਗਿਆ ਤਾਂ ਕਈਆਂ ਲਈ ਇਹ ਨਵਾਂ ਨਜ਼ਾਰਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਜਦਕਿ ਬਜ਼ੁਰਗਾਂ ਨੂੰ ਪੁਰਾਣਾ ਸਮਾਂ ਯਾਦ ਆ ਗਿਆ।
ਮੋਰਚੇ ਦਾ ਚੋਣ ਨਿਸ਼ਾਨ ‘ਮੰਜਾ’ ਬਣਿਆ ਚਰਚਾ ਦਾ ਵਿਸ਼ਾ
ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਮਿਲਿਆ ਚੋਣ ਨਿਸ਼ਾਨ ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕਾਂ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵੀ ਇਸ ਨੂੰ ਲੈ ਕੇ ਬੜੀਆਂ ਰੌਚਕ ਟਿੱਪਣੀਆਂ ਹੋ ਰਹੀਆਂ ਹਨ। ਸਭ ਤੋਂ ਵੱਧ ਚਰਚਾ ਇਸ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਇਹ ‘ਮੰਜਾ’ ਚੋਣਾਂ ’ਚ ਕਿਸ ਦੀ ਮੰਜੀ ਠੋਕੇਗਾ। ਦਰਅਸਲ ਕਈ ਹਲਕਿਆਂ ’ਚ ਮੋਰਚੇ ਦੇ ਉਮੀਦਵਾਰ ਕਿਸਾਨ ਸੰਘਰਸ਼ ਕਰਕੇ ਸੈਂਕੜੇ ਤੋਂ ਹਜ਼ਾਰਾਂ ਦੀ ਗਿਣਤੀ ’ਚ ਵੋਟਾਂ ਲਿਜਾਣ ਦੇ ਸਮਰੱਥ ਹਨ। ਇਹ ਵੋਟਾਂ ਕਿਸ ਸਿਆਸੀ ਧਿਰ ਤੇ ਉਮੀਦਵਾਰ ਨੂੰ ਵੱਡਾ ਨੁਕਸਾਨ ਕਰਨਗੀਆਂ ਇਸੇ ਨੂੰ ਲੈ ਕੇ ‘ਮੰਜੀ’ ਠੋਕਣ ਦੀ ਸੱਥਾਂ ਤੱਕ ਚਰਚਾ ਹੋ ਰਹੀ ਹੈ।
…ਜਦੋਂ ਨਸ਼ਿਆਂ ਤੇ ਰੇਤ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਦੜ ਵੱਟੀ
ਬੀਤੀ ਦੇਰ ਸ਼ਾਮ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਨਕਸਰ ਕਲੇਰਾਂ ਪਹੁੰਚੇ ਤਾਂ ਉਨ੍ਹਾਂ ਨਸ਼ਿਆਂ ਅਤੇ ਰੇਤ ਦੇ ਮੁੱਦੇ ’ਤੇ ਦੜ ਵੱਟੀ ਰੱਖੀ। ਮੀਡੀਆ ਨੇ ਉਨ੍ਹਾਂ ਨੂੰ ਵਾਰ-ਵਾਰ ਨਸ਼ਿਆਂ ਨਾਲ ਲਗਾਤਾਰ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਬਾਰੇ ਸਵਾਲ ਕੀਤਾ। ਨਾਲ ਹੀ ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਯਾਦ ਕਰਵਾਇਆ। ਪਰ ਮੁੱਖ ਮੰਤਰੀ ਨੇ ਮੂੰਹ ਨਹੀਂ ਖੋਲ੍ਹਿਆ। ਇਵੇਂ ਹੀ ਉਨ੍ਹਾਂ ਨੂੰ ਮਾਈਨਿੰਗ ਅਤੇ ਦਾਅਵੇ ਤੇ ਵਾਅਦੇ ਦੇ ਬਾਵਜੂਦ ਪੰਜ ਰੁਪਏ ਦੀ ਥਾਂ ਤੀਹ ਰੁਪਏ ਤੋਂ ਵੱਧ ਭਾਅ ਮਿਲਦੇ ਰੇਤੇ ਬਾਰੇ ਸਵਾਲ ਕੀਤੇ ਗਏ ਜਿਨ੍ਹਾਂ ਬਾਰੇ ਚੰਨੀ ਨੇ ਇਕ ਵੀ ਸ਼ਬਦ ਨਹੀਂ ਬੋਲਿਆ।