ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਸਿੱਖਿਆ ਹਾਸਲ ਕਰ ਰਹੀਆਂ ਗ਼ੈਰ-ਨਿਵਾਸੀ ਭਾਰਤੀ ਲੜਕੀਆਂ ਲਈ ਰੰਗਾ-ਰੰਗ ਪ੍ਰੋਗਰਾਮ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸੰਗੀਤਾ ਮਲਿਕ ਸਨ। ਦੇਰ ਸ਼ਾਮ ਕਰਵਾਏ ਸਮਾਗਮ ਵਿਚ ਅੱਖਾਂ ’ਤੇ ਪੱਟੀ ਬੰਨ੍ਹ ਕੇ ਵਸਤਾਂ ਨੂੰ ਛੂਹ ਕੇ ਜਾਂ ਸੁੰਘ ਕੇ ਪਤਾ ਲਗਾਉਣ ਦੀ ਖੇਡ ਵਿਚ ਕੰਵਰਜੀਤ ਕੌਰ ਜੰਨਤ, ਸੁਖਮਨੀ ਸਾਹਿਬ ਕੌਰ ਅਤੇ ਕਸ਼ਿਸ਼ ਨੇ ਇਨਾਮ ਹਾਸਲ ਕੀਤੇ। ਮਿਊਜ਼ੀਕਲ ਚੇਅਰ ਵਿਚ ਨੰਦਿਤਾ ਅਤੇ ਸੁਖਮਨੀ ਜਿੱਤੇ। ਅਖ਼ਬਾਰ ਦੇ ਕਾਗਜ਼ ’ਤੇ ਖੜ੍ਹੇ ਹੋ ਕੇ ਨਾਚ ਕਰਨ ਦੀ ਖੇਡ ਵਿਚ ਅਰਸ਼ਨੂਰ, ਮੈਰੀ ਐਨ ਅਤੇ ਸਿਮਰਨ ਅੱਵਲ। ਇਸੇ ਤਰ੍ਹਾਂ ਵੱਖੋ-ਵੱਖਰੀ ਚੁਣੌਤੀਆਂ ਵਾਲੀ ਖੇਡ ਵਿਚ ਦਿਲਸ਼ਾਦ, ਅਭਿਨਾਜ਼ ਅਤੇ ਸਹਿਜ ਨੇ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀਮਤੀ ਮਲਿਕ, ਹੋਸਟਲ ਵਾਰਡਨ ਡਾ. ਨਿਧੀ ਸ਼ਰਮਾ, ਹੋਸਟਲ ਪ੍ਰੀਫੈਕਟ ਸਿਖ਼ਾ ਚੌਧਰੀ ਹਾਜ਼ਰ ਸਨ। ਇਸ ਮੌਕੇ ਡਾ. ਗੀਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ