ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਗਸਤ
ਪੰਜਾਬ ਕਲੋਨਾਈਜ਼ਰ ਐਡ ਪ੍ਰਾਪਰਟੀ ਡੀਲਕ ਐਸੋਸੇਈਸ਼ੇਨ ਦੇ ਮੈਂਬਰ ਅੱਜ ‘ਆਪ’ ਸਰਕਾਰ ਦੇ ਖ਼ਿਲਾਫ਼ ਸੜਕਾਂ ’ਤੇ ਉਤਰੇ। ਐਸੋਸੇਈਸ਼ੇਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਪ੍ਰਾਪਰਟੀ ਡੀਲਰ ਤੇ ਕਲੋਨਾਈਜ਼ਰਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾ ਕੇ ਅਰਦਾਸ ਕਰਵਾਈ ਅਤੇ ਉਸ ਤੋਂ ਬਾਅਦ ਫੀਲਡ ਗੰਜ ਤੋਂ ਜਗਰਾਉਂ ਪੁਲ ਤੱਕ ਪੈਦਲ ਮਾਰਚ ਕੱਢਿਆ।
ਜਗਰਾਉਂ ਪੁਲ ’ਤੇ ਪਹੁੰਚ ਕੇ ਕਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਫਿਰ ਪੁਲ ’ਤੇ ਲੱਗੇ ਸ਼ਹੀਦਾਂ ਦੇ ਬੁੱਤ ਨਮਨ ਕੀਤਾ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਐਲਾਨ ਕੀਤਾ ਕਿ ਹੁਣ ਤੋਂ ਪੰਜਾਬ ਦੇ ਸਾਰੇ ਪ੍ਰਾਪਰਟੀ ਡੀਲਰ, ਕਲੋਨਾਈਜ਼ਰ, ਅਰਜ਼ੀ ਨਵੀਸ ਸੋਮਵਾਰ ਨੂੰ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰਨਗੇ ਅਤੇ ਕਿਸੇ ਨੂੰ ਵੀ ਰਜਿਸਟਰੀ ਨਹੀਂ ਕਰਵਾਉਣ ਦਿੱਤੀ ਜਾਏਗੀ। ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਲਾਂਬਾ, ਬਰਿੰਦਰ ਜੋਲੀ, ਇੰਦਰਜੀਤ ਬੰਗਾ, ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਐਨਓਸੀ ਦੀ ਸਕੀਮ ਕੱਢ ਕੇ ਪ੍ਰਾਪਰਟੀ ਦੇ ਕਾਰੋਬਾਰ ਨੂੰ ਬਿਲਕੁਲ ਬੰਦ ਕਰ ਦਿੱਤਾ, ਜਿਸ ਨਾਲ ਇਸ ਧੰਦੇ ਨਾਲ ਜੁੜੇ ਲੱਖਾਂ ਲੋਕ ਬੇਰੁਜ਼ਗਾਰ ਹੋ ਕੇ ਘਰ ਬੈਠ ਗਏ। ਇਸੇ ਤਰ੍ਹਾਂ ਸਰਕਾਰ ਨੇ ਸ਼ਹਿਰ ਵਿੱਚ ਰਜਿਸਟਰੀ ਦੇ ਸਰਕਾਰੀ ਰੇਟਾਂ ਵਿੱਚ ਕਾਫ਼ੀ ਵਧਾ ਦਿੱਤੇ ਹਨ, ਜਿਸ ਦਾ ਲੋਕਾਂ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਕਲੋਨਾਈਜ਼ਰਾਂ ’ਤੇ ਹੋਈਆਂ ਐਫਆਈਆਰ ਰੱਦ ਕੀਤੀਆਂ ਜਾਣ, ਰਜਿਸਟਰੀ ਰੇਟ ਘੱਟ ਕੀਤੇ ਜਾਣ, ਐਨਓਸੀ ਦਾ ਫਾਇਨਲ ਸਮੇਂ ਤੈਅ ਕੀਤਾ ਜਾਏ, ਟਾਇਮ ਸੈਟਲਮੈਂਟ ਪਾਲਿਸੀ ਲਿਆਉਂਦੀ ਜਾਏ, ਜਿਹੜੀ ਕਲੋਨੀਆਂ ਹੁਣ ਤੱਕ ਬਣ ਚੁੱਕੀਆਂ ਹਨ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਏ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਦੀ ਨਹੀਂ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।