ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਸਤੰਬਰ
ਪਿੰਡ ਮਲਕ ਨੇੜੇ ਇੱਕ ਟਰੈਕਟਰ-ਟਰਾਲੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇੱਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੇ ਲੱਕੜ ਦੀ ਢੋਆ-ਢੁਆਈ ਕਰਨ ਵਾਲੇ ਆਈਸ਼ਰ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਸਿੰਘ ਤੇ ਜਸਪ੍ਰੀਤ ਕੌਰ ਵਜੋਂ ਹੋਈ ਹੈ। ਜਸਪ੍ਰੀਤ ਕੌਰ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਜਵਾਈ ਗੁਰਸੇਵਕ ਸਿੰਘ ਅਤੇ ਬੇਟੀ ਜਸਪ੍ਰੀਤ ਕੌਰ ਘਰੇਲੂ ਸਾਮਾਨ ਲੈਣ ਮੋਟਰਸਾਈਕਲ ’ਤੇ ਸ਼ਹਿਰ ਗਏ ਸਨ। ਵਾਪਸੀ ਵੇਲੇ ਬੀਤੀ ਦੇਰ ਸ਼ਾਮ ਉਹ ਪਿੰਡ ਮਲਕ ਦੀ ਹੱਦੂਦ ’ਚ ਪਹੁੰਚੇ ਤਾਂ ਕਰਮ ਸਿੰਘ ਨੇ ਟਰਾਲੀ ਨਾਲ ਗੁਰਸੇਵਕ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜਸਪ੍ਰੀਤ ਤੇ ਗੁਰਸੇਵਕ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਸੀਐੱਮਸੀ ਰੈਫਰ ਕਰ ਦਿੱਤਾ। ਇੱਥੇ ਇਲਾਜ ਦੌਰਾਨ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਤੇ ਗੁਰਸੇਵਕ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੜਕ ਹਾਦਸੇ ਵਿੱਚ ਔਰਤ ਜ਼ਖ਼ਮੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਕੂੰਮਕਲਾਂ ਦੇ ਇਲਾਕੇ ਵਿੱਚ ਹੋਏ ਸੜਕ ਹਾਦਸੇ ਦੌਰਾਨ ਇੱਕ ਬਜ਼ੁਰਗ ਔਰਤ ਜ਼ਖ਼ਮੀ ਹੋ ਗਈ ਹੈ। ਜੰਡਿਆਲੀ ਫੋਕਲ ਪੁਆਇੰਟ ਵਾਸੀ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਕਾਂਤਾ ਰਾਣੀ (58 ਸਾਲ) ਰਾਜ ਜੀ ਐਗਰੋ ਮਿੱਲ ਪਿੰਡ ਰਾਈਆਂ ਵਿੱਚ ਮਜ਼ਦੂਰੀ ਕਰਦੀ ਹੈ। ਉਹ ਕੰਮ ਤੋਂ ਛੁੱਟੀ ਕਰ ਕੇ ਫੈਕਟਰੀ ਦੇ ਨਾਲ ਹੀ ਆਪਣੇ ਘਰ ਜਾ ਰਹੀ ਸੀ ਤਾਂ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਉਸ ਨੂੰ ਟੱਕਰ ਮਾਰੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।