ਪੱਤਰ ਪ੍ਰੇਰਕ
ਜਗਰਾਉਂ, 11 ਸਤੰਬਰ
ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਸੀਟੀ ਯੂਨੀਵਰਸਿਟੀ ਚੌਕੀਮਾਨ ਸਾਹਮਣੇ ਬੀਤੀ ਦੇਰ ਰਾਤ ਨੂੰ ਟਰੈਕਟਰ-ਟਰਾਲੀ, ਜਿਸ ਵਿੱਚ ਜੇਸੀਬੀ ਮਸ਼ੀਨ ਲੱਦੀ ਹੋਈ ਸੀ, ਦੀ ਟਰਾਲੇ ਨਾਲ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂੰ ਇੱਕ ਟਰੈਕਟਰ ਟਰਾਲੀ ’ਚ ਜੇਸੀਬੀ ਮਸ਼ੀਨ ਲੱਦ ਕੇ ਜਗਰਾਉਂ ਵੱਲ ਨੂੰ ਆ ਰਹੇ ਸਨ। ਅਚਾਨਕ ਲੁਧਿਆਣੇ ਵਾਲੇ ਪਾਸੇ ਤੋਂ ਆ ਰਿਹਾ ਤੇਜ਼ ਰਫਤਾਰ ਟਰਾਲਾ ਟਰਾਲੀ ਦੇ ਪਿਛਲੇ ਪਾਸੇ ਜਾ ਟਕਰਾਇਆ। ਇਸ ਹਾਦਸੇ ’ਚ ਟਰਾਲੇ ਦਾ ਡਰਾਈਵਰ ਅਤੇ ਕਲੀਨਰ ਖਤਾਨਾ ’ਚ ਜਾ ਡਿੱਗੇ ਅਤੇ ਟਰੈਕਟਰ ਚਾਲਕ ਵੀ ਸੜਕ ਕਿਨਾਰੇ ਡਿੱਗ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।