ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵੱਲੋਂ ‘ਕੇਅਰ ਇੰਡੀਆ’ ਗ਼ੈਰ ਸਰਕਾਰੀ ਸੰਗਠਨ ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਸਮਝੌਤੇ ਦਾ ਉਦੇਸ਼ ਪੰਜਾਬ ਦੇ ਦੂਰ-ਦੁਰਾਡੇ ਦੇ ਪਿੰਡਾਂ ਤੱਕ ਕਿਸਾਨਾਂ ਨੂੰ ਸੇਵਾਵਾਂ ਪਹੁੰਚਾਉਣਾ ਹੈ। ਇਹ ਸਮਝੌਤਾ ’ਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਦੀ ਮੌਜੂਦਗੀ ਵਿਚ ਕੇਅਰ ਇੰਡੀਆ, ਨਵੀਂ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਨਿਧੀ ਬਾਂਸਲ ਅਤੇ ਨਿਰਦੇਸ਼ਕ ਖੋਜ ਡਾ. ਜਤਿੰਦਰਪਾਲ ਸਿੰਘ ਗਿੱਲ ਦਰਮਿਆਨ ਦਸਤਖ਼ਤ ਕੀਤਾ ਗਿਆ। ਕਾਲਜ ਦੇ ਡੀਨ ਡਾ. ਮਨੀਸ਼ ਕੁਮਾਰ ਚੈਟਲੀ ਨੇ ਦੱਸਿਆ ਕਿ ਇਹ ਕਾਲਜ ਵੈਟਰਨਰੀ ਸਾਇੰਸ ਦੇ ਖੇਤਰ ਵਿਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਦੇ ਨਾਲ ਛੋਟੇ ਕੋਰਸ ਵੀ ਕਰਵਾ ਰਿਹਾ ਹੈ। ਡਾ. ਇੰਦਰਜੀਤ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਇਸ ਸੰਗਠਨ ਦੇ ਸਾਂਝੇ ਰੂਪ ਵਿਚ ਕੰਮ ਕਰਨ ਨਾਲ ਇਸ ਖੇਤਰ ਦੇ ਪਸ਼ੂ ਪਾਲਕਾਂ ਨੂੰ ਫਾਇਦਾ ਹੋਵੇਗਾ ਅਤੇ ਛੋਟੇ ਕਿਸਾਨ ਉਪਰ ਉੱਠ ਸਕਣਗੇ। ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਅਤੇ ਪੋਸਟ ਗਰੈਜੂਏਟ ਸਟੱਡੀਜ਼ ਦੇ ਡੀਨ ਡਾ. ਸੰਜੀਵ ਕੁਮਾਰ ਉੱਪਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਪਸ਼ੂ ਉਤਪਾਦਕਤਾ ਨੂੰ ਵਧਾਉਣਾ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨਾ ਹੈ।