ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 29 ਅਪਰੈਲ
ਹਲਕੇ ਦੇ ਪਿੰਡ ਭੰਮੀਪੁਰਾ ਕਲਾਂ ਅਤੇ ਗੁਆਂਢੀ ਪਿੰਡ ਰਣਧੀਰਗੜ੍ਹ ਨੂੰ ਜੋੜਨ ਵਾਲੀ ਸੜਕ ’ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਕਾਲਜ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ। ਬੱਸ ਤਾਂ ਮੌਕੇ ’ਤੇ ਸੜ ਕੇ ਸੁਆਹ ਹੋ ਗਈ ਪਰ ਬੱਸ ’ਚ ਸਵਾਰ ਬੱਚੇ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਮੀਪੁਰ ਕਲਾਂ ਤੋਂ ਡੱਲਾ ਵੱਲ ਨੂੰ ਕਿਸੇ ਕਿਸਾਨ ਨੇ ਕਣਕ ਦੇ ਵਾਧੂ ਨਾੜ ਨੂੰ ਅੱਗ ਲਗਾਈ ਹੋਈ ਸੀ। ਹਵਾ ਦਾ ਵਹਾਅ ਤੇਜ਼ ਹੋਣ ਕਾਰਨ ਅੱਗ ਭੰਮੀਪੁਰਾ ਅਖਾੜਾ ਆਦਿ ਪਿੰਡਾਂ ਵੱਲ ਹੁੰਦੀ ਹੋਈ ਸੜਕ ਕਿਨਾਰੇ ਪੈਟਰੋਲ ਪੰਪ ਦੇ ਉਪਰਲੇ ਪਾਸੇ ਤੋਂ ਹੁੰਦੀ ਹੋਈ ਮੁੱਖ ਸੜਕ ਪਾਰ ਕਰ ਕੇ ਭੰਮੀਪੁਰਾ-ਰਣਧੀਰਗੜ੍ਹ ਸੜਕ ਤੱਕ ਫੈਲ ਗਈ। ਅੱਗ ਦਾ ਕਹਿਰ ਇਸ ਕਦਰ ਵੱਧ ਗਿਆ ਕਿ ਅੱਗ ਦਾ ਘੇਰਾ ਪਿੰਡ ਚੀਮਾਂ ਤੱਕ ਚਲਿਆ ਗਿਆ। ਇਸੇ ਦੌਰਾਨ ਪਿੰਡ ਕਮਾਲਪੁਰ ਵਿਦਿਅਕ ਸੰਸਥਾਂਵਾ ਦੀ ਬੱਸ ਛੁੱਟੀ ਉਪਰੰਤ ਬੱਚਿਆਂ ਨੂੰ ਘਰੋਂ-ਘਰੀ ਛੱਡਣ ਲਈ ਜਾ ਰਹੀ ਸੀ। ਬੱਸ ’ਚ 10 ਤੋਂ 12 ਲੜਕੀਆਂ ਅਤੇ ਸੰਸਥਾਂਵਾ ਦਾ ਸਟਾਫ ਮੌਜੂਦ ਸੀ। ਸੜਕ ’ਤੇ ਧੂੰਆਂ ਹੋਣ ਕਾਰਨ ਬੱਸ ਚਾਲਕ ਨੂੰ ਅੱਗੇ ਕੁੱਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇਸੇ ਕਾਰਨ ਸੜਕ ਘੱਟ ਚੌੜੀ ਹੋਣ ਅਤੇ ਰਸਤਾ ਟੇਡਾ-ਮੇਢਾ ਹੋਣ ਕਾਰਨ ਬੱਸ ਅੱਗ ਲੱਗੀ ਵਾਲੇ ਖੇਤਾਂ ’ਚ ਪਲਟ ਗਈ। ਬੱਸ ਵਿੱਚ ਸਵਾਰ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਡਰਾਈਵਰ ਅਤੇ ਸਹਾਇਕ ਨੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਬੱਸ ’ਚੋਂ ਹਿੰਮਤ ਅਤੇ ਦਲੇਰੀ ਵਰਤਦਿਆਂ ਬਾਹਰ ਸੁਰੱਖਿਅਤ ਕੱਢ ਲਿਆ। ਜਿਵੇਂ ਹੀ ਬੱਚੇ ਬਾਹਰ ਕੱਢੇ ਬੱਸ ਨੂੰ ਚਾਰੇ ਪਾਸੇ ਤੋਂ ਅੱਗ ਪੈ ਗਈ। ਕਿਸਾਨਾ ਵੱਲੋਂ ਨਿੱਜੀ ਹਿੱਤ ਲਈ ਕੀਤੀ ਵੱਡੀ ਲਾਪ੍ਰਵਾਹੀ ਖ਼ਿਲਾਫ਼ ਪੁਲੀਸ ਥਾਣਾ ਹਠੂਰ ਨੂੰ ਅਦਾਰੇ ਵੱਲੋਂ ਲਿਖਤੀ ਸ਼ਿਕਾਇਤ ਕਰ ਜਲਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਥਾਣਾ ਹਠੂਰ ਦੀ ਪੁਲੀਸ ਨੇ ਇਸਦੀ ਜਾਂਚ ਕਰਨ ਦੀ ਗੱਲ ਆਖੀ ਹੈ।