ਸਤਵਿੰਦਰ ਬਸਰਾ
ਲੁਧਿਆਣਾ, 4 ਮਈ
ਗਰਮੀਆਂ ਦੇ ਮੌਸਮ ਵਿੱਚ ਅੱਜ ਚੱਲੀਆਂ ਠੰਢੀਆਂ ਹਵਾਵਾਂ ਅਤੇ ਕਈ ਥਾਵਾਂ ’ਤੇ ਹੋਈ ਕਿਣਮਿਣ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਤਰਾਹ-ਤਰਾਹ ਕਰ ਰਹੇ ਲੁਧਿਆਣਵੀਆਂ ਨੂੰ ਕਾਫੀ ਰਾਹਤ ਦਿੱਤੀ। ਅੱਜ ਸਾਰਾ ਦਿਨ ਬੱਦਲਵਾਈ ਵਾਲਾ ਮੌਸਮ ਬਣਿਆ ਰਹਿਣ ਕਾਰਨ ਪਾਰਾ ਵੀ 5 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਸਨਅਤੀ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਸੀ। ਬੀਤੇ ਦੋ ਦਿਨਾਂ ਤੋਂ ਭਾਵੇਂ ਨੇਰ੍ਹੀ ਵਾਲਾ ਮੌਸਮ ਬਣਿਆ ਹੋਇਆ ਸੀ ਪਰ ਫਿਰ ਵੀ ਪਾਰਾ 37 ਤੋਂ 38 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ।
ਬੀਤੇ ਦਿਨ ਜਿਹੜਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦੇ ਕਰੀਬ ਸੀ ਅੱਜ ਹੋਰ ਘੱਟ ਕੇ 34 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਅਕਾਸ਼ ’ਤੇ ਕਾਲੇ ਬੱਦਲ ਦੇਖ ਕੇ ਲੋਕਾਂ ਦੇ ਚਿਹਰਿਆਂ ’ਤੇ ਰੌਣਕਾਂ ਆ ਗਈਆਂ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਮੌਸਮ ਦੇ ਬਦਲੇ ਮਿਜ਼ਾਜ ਨੂੰ ਮਾਨਣ ਲਈ ਟਹਿਲਦੇ ਦੇਖੇ ਜਾ ਸਕਦੇ ਸਨ। ਦੁਪਹਿਰ ਸਮੇਂ ਸ਼ਹਿਰ ਵਿੱਚ ਹਲਕੀ ਕਿਣਮਿਣ ਹੋਈ ਅਤੇ ਕਈ ਦੂਰ ਦੁਰਾਡੀਆਂ ਥਾਵਾਂ ’ਤੇ ਮੀਂਹ ਦੇ ਨਾਲ ਗੜ੍ਹੇ ਪੈਣ ਬਾਰੇ ਵੀ ਪਤਾ ਲੱਗਿਆ ਹੈ। ਜੇ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਮ ਤੌਰ ’ਤੇ ਅਪਰੈਲ-ਮਈ ਪਾਰਾ 40 ਤੋਂ 42 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਪਰ ਇਸ ਵਾਰ ਅਪਰੈਲ ਹੀ ਪਾਰਾ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜਿਹੜਾ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ। ਉਧਰ ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਟੁੱਟਵੀਂ ਬੱਦਲਵਾਈ ਰਹਿਣ ਅਤੇ ਧੂੜ ਭਰੀਆਂ ਹਵਾਵਾਂ, ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।
ਈਸੜੂ ਖੇਤਰ ਵਿੱਚ ਭਾਰੀ ਗੜੇਮਾਰੀ ਤੋੋਂ ਸਬਜ਼ੀ ਕਾਸ਼ਤਕਾਰ ਪ੍ਰੇਸ਼ਾਨ
ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੇ ਅੱਜ ਜਿੱਥੇ ਤੇਜ਼ ਝੱਖੜ ਹਨੇਰੀ ਨੇ ਕਈ ਦਰੱਖਤ ਤੋੜ ਦਿੱਤੇ, ਉੱਥੇ ਮੀਂਹ ਦੇ ਨਾਲ ਨਾਲ ਕਾਫੀ ਸਮਾਂ ਭਾਰੀ ਗੜੇਮਾਰੀ ਵੀ ਹੋਈ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਮੀਂਹ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ ਮਨੁੱਖਤਾ ਅਤੇ ਪਸ਼ੂ ਪੰਛੀਆਂ ਨੂੰ ਵੱਡੀ ਰਾਹਤ ਵੀ ਮਿਲੀ ਹੈ। ਯੂਥ ਕਿਸਾਨ ਮੋਰਚੇ ਦੇ ਆਗੂ ਮਨਪ੍ਰੀਤ ਸਿੰਘ ਗੋਲਡੀ ਨੇ ਦੱਸਿਆ ਕਿ ਮੀਂਹ ਪੈਣ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਖੇਤਾਂ ਦੀ ਬਹਾਈ ਕਰਨ ਲਈ ਬਾਰਸ਼ ਦੇ ਪਾਣੀ ਦਾ ਲਾਹਾ ਮਿਲੇਗਾ ਅਤੇ ਅਸਮਾਨੀ ਚੜ੍ਹੇ ਮਿੱਟੀ ਘੱਟੇ ਤੋਂ ਇਲਾਵਾ ਦਰੱਖਤਾਂ ਨੂੰ ਵੱਡੀ ਰਾਹਤ ਮਿਲੇਗੀ। ਸਤਿਨਾਮ ਸਿੰਘ ਸੋਨੀ ਨੇ ਕਿਹਾ ਕਿ ਗੜੇਮਾਰੀ ਨੇ ਖੀਰੇ ਅਤੇ ਹੋਰ ਸਬਜ਼ੀਆਂ ਦਾ ਭਾਰੀ ਨੁਕਸਾਨ ਕੀਤਾ ਹੈ।