ਗਗਨਦੀਪ ਅਰੋੜਾ
ਲੁਧਿਆਣਾ, 25 ਜੂਨ
ਮੌਨਸੂਨ ਸਿਰ ’ਤੇ ਹੈ ਅਤੇ ਸ਼ਹਿਰ ਦੇ 16 ਕਿਲੋਮੀਟਰ ਦੇ ਦਾਇਰੇ ’ਚੋਂ ਲੰਘਣ ਵਾਲੇ ਬੁੱਢੇ ਨਾਲੇ ਦੀ ਸਫ਼ਾਈ ਹਾਲੇ ਅੱਧ ਵਿਚਾਲੇ ਫਸੀ ਹੋਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇੱਕ ਦੋ ਦਿਨਾਂ ’ਚ ਪ੍ਰੀ-ਮੌਨਸੂਨ ਦਸਤਕ ਦੇ ਸਕਦਾ ਹੈ, ਪਰ ਹਮੇਸ਼ਾ ਹੀ ਤਰ੍ਹਾਂ ਬਰਸਾਤਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਬੁੱਢੇ ਨਾਲੇ ਨੂੰ ਨਗਰ ਨਿਗਮ ਦੇ ਅਫ਼ਸਰ ਹਾਲੇ ਤੱਕ 50 ਤੋਂ 60 ਫੀਸਦੀ ਤੱਕ ਹੀ ਸਾਫ਼ ਕਰਵਾ ਪਾਏ ਹਨ।
ਬੁੱਢੇ ਨਾਲੇ ਵਿੱਚ ਲੋਕਾਂ ਵੱਲੋਂ ਸੁੱਟਿਆ ਗਿਆ ਕੂੜਾ ਤੇ ਗੰਦੇ ਪਾਣੀ ’ਤੇ ਪੈਦਾ ਹੋਣ ਵਾਲੀ ਬੂਟੀ ਜੰਮੀ ਰਹਿੰਦੀ ਹੈ, ਜਿਸ ਕਾਰਨ ਬੁੱਢੇ ਨਾਲੇ ਵਿੱਚੋਂ ਪਾਣੀ ਦਾ ਵਹਾਅ ਹੌਲੀ ਹੋ ਜਾਂਦਾ ਹੈ, ਇਸ ਨੂੰ ਹੀ ਸਾਫ਼ ਕਰਨ ਲਈ ਨਗਰ ਨਿਗਮ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰਦਾ ਹੈ। ਪਰ ਇਸ ਵਾਰ ਬੁੱਢੇ ਨਾਲੇ ਦੀ ਸਫ਼ਾਈ ਨਗਰ ਨਿਗਮ ਖ਼ੁਦ ਮਸ਼ੀਨਾਂ ਕਿਰਾਏ ’ਤੇ ਲੈ ਕੇ ਕਰ ਰਿਹਾ ਹੈ। ਹੌਲੀ ਚੱਲ ਰਹੀ ਸਫ਼ਾਈ ਨੇ ਨਾਲੇ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਸ਼ਹਿਰ ਦੇ ਵਿੱਚੋ-ਵਿੱਚ 16 ਕਿਲੋਮੀਟਰ ਜਾਣ ਵਾਲੇ ਬੁੱਢੇ ਨਾਲੇ ਦੇ ਆਲੇ ਦੁਆਲੇ ਲੱਖਾਂ ਦੀ ਆਬਾਦੀ ਵਿੱਚ ਵਸੀ ਹੋਈ ਹੈ। ਜਿਨ੍ਹਾਂ ’ਤੇ ਬਰਸਾਤੀ ਸੀਜ਼ਨ ’ਚ ਪਾਣੀ ਓਵਰ ਫਲੋਅ ਹੋ ਕੇ ਘਰਾਂ ਵਿੱਚ ਵੜਨ ਦਾ ਖ਼ਦਸ਼ਾ ਹੈ। ਬੁੱਢੇ ਨਾਲੇ ਦੀ ਸਫ਼ਾਈ ਡੇਢ ਮਹੀਨੇ ਲੇਟ ਸ਼ੁਰੂ ਹੋਈ ਹੋਣ ਕਾਰਨ ਹੁਣ ਤੱਕ ਮਸਾਂ 50 ਤੋਂ 60 ਫ਼ੀਸਦੀ ਹੀ ਸਫਾਈ ਹੋ ਸਕੀ ਹੈ। ਹੁਣ ਮੌਨਸੂਨ ਸਿਰ ’ਤੇ ਆ ਗਿਆ ਹੈ, ਫਿਰ ਵੀ ਨਗਰ ਨਿਗਮ ਦੀ ਕੱਛੂ ਵਾਂਗ ਚੱਲਣ ਵਾਲੀ ਸਫ਼ਾਈ ਦੀ ਚਾਲ ਵਿੱਚ ਕੋਈ ਫ਼ਰਕ ਨਹੀਂ ਪਿਆ। ਜੇਕਰ ਸਫ਼ਾਈ ਦੀ ਸਪੀਡ ਇਸੇ ਤਰ੍ਹਾਂ ਹੀ ਰਹੀ ਤਾਂ ਬਰਸਾਤਾਂ ਦੌਰਾਨ ਨਾਲੇ ਦਾ ਪਾਣੀ ਓਵਰ ਫਲੋਅ ਹੋ ਕੇ ਬੁੱਢੇ ਨਾਲੇ ਦੇ ਨਾਲ ਲਗਦੇ ਇਲਾਕਿਆਂ ਦੇ ਘਰਾਂ ਵਿੱਚ ਦਾਖਲ ਹੋ ਸਕਦਾ ਹੈ।
ਬਰਸਾਤਾਂ ਤੋਂ ਪਹਿਲਾਂ ਸਫ਼ਾਈ ਹੋ ਜਾਵੇਗੀ: ਮੇਅਰ
ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਦੀ ਸਫ਼ਾਈ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ, ਬਰਸਾਤਾਂ ਤੋਂ ਪਹਿਲਾਂ ਹਰ ਹਾਲਾਤ ਵਿੱਚ ਨਾਲੇ ਦੀ 100 ਫ਼ੀਸਦੀ ਸਫ਼ਾਈ ਕਰਵਾ ਦਿੱਤੀ ਜਾਏਗੀ।