ਸਤਵਿੰਦਰ ਬਸਰਾ
ਲੁਧਿਆਣਾ, 23 ਜੁਲਾਈ
ਬਰਸਾਤੀ ਮੌਸਮ ਹੋਣ ਕਾਰਨ ਸਨਅਤੀ ਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢੇ ਨਾਲੇ ਦੀ ਅੱਜ ਤਾਜਪੁਰ ਰੋਡ ’ਤੇ ਪੈਂਦੀ ਪੁਲੀ ਨੇੜਿਓਂ ਝਾੜੀਆਂ ਅਤੇ ਬੂਟੀ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ। ਸਫ਼ਾਈ ਲਈ ਕੋਈ ਰਾਹ ਨਾ ਹੋਣ ਕਰਕੇ ਪਿਛਲੇ ਕਈ ਸਾਲਾਂ ਤੋਂ ਇੱਥੇ ਸਫਾਈ ਨਹੀਂ ਹੋ ਸਕੀ ਸੀ।
ਤਾਜਪੁਰ ਰੋਡ ’ਤੇ ਅੰਮ੍ਰਿਤ ਧਰਮ ਕੰਡੇ ਦੇ ਸਾਹਮਣੇ ਪੈਂਦੀ ਪੁਲੀ ਨੇੜੇ ਬੁੱਢੇ ਨਾਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਵੱਡੀਆਂ-ਵੱਡੀਆਂ ਝਾੜੀਆਂ ਅਤੇ ਬੂਟੀ ਉੱਗੀ ਹੋਈ ਹੈ। ਭਾਵੇਂ ਨਗਰ ਨਿਗਮ ਵੱਲੋਂ ਹਰ ਸਾਲ ਬਰਸਾਤਾਂ ਦੇ ਮੌਸਮ ਵਿੱਚ ਬੁੱਢੇ ਨਾਲੇ ਦੀ ਸਫ਼ਾਈ ਕੀਤੀ ਜਾਂਦੀ ਹੈ ਪਰ ਇੱਥੇ ਮਸ਼ੀਨ ਅੱਗੇ ਤੱਕ ਜਾਣ ਲਈ ਕੋਈ ਥਾਂ ਨਾ ਹੋਣ ਕਰਕੇ ਸਫ਼ਾਈ ਹੋਣੋ ਰਹਿ ਜਾਂਦੀ ਸੀ। ਇਸ ਵਾਰ ਨਿਗਮ ਅਧਿਕਾਰੀਆਂ ਵੱਲੋਂ ਮਸ਼ੀਨ ਅੱਗੇ ਤੱਕ ਲੈ ਕੇ ਜਾਣ ਲਈ ਪਹਿਲਾਂ ਆਰਜ਼ੀ ਰਸਤਾ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਬੂਟੀ ਅਤੇ ਝਾੜੀਆਂ ਨੂੰ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ। ਇਨਾਂ ਝਾੜੀਆਂ ਕਾਰਨ ਬਰਸਾਤੀ ਪਾਣੀ ਦੇ ਲੰਘਣ ਵਿੱਚ ਅੜਿੱਕਾ ਖੜ੍ਹਾ ਹੁੰਦਾ ਸੀ। ਸਥਾਨਕ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇੱਥੇ ਬੁੱਢੇ ਨਾਲੇ ’ਤੇ ਬਣੀ ਪੁਲੀ ਵੀ ਕਾਫੀ ਨੀਵੀਂ ਹੈ ਜਿਸ ਕਰਕੇ ਬਰਸਾਤਾਂ ਵਿੱਚ ਪਿੱਛਿਓਂ ਪਾਣੀ ਨਾਲ ਆਉਂਦੀ ਬੂਟੀ ਇੱਥੇ ਫਸ ਜਾਂਦੀ ਹੈ ਜਿਸ ਕਰਕੇ ਆਸ-ਪਾਸ ਦੀਆਂ ਨੀਵੀਆਂ ਬਸਤੀਆਂ ਵਿੱਚ ਪਾਣੀ ਭਰ ਜਾਂਦਾ ਹੈ। ਉਨ੍ਹਾਂ ਨੇ ਪ੍ਰਸਾਸ਼ਨ ਨੂੰ ਇਸ ਪੁਲੀ ਨੂੰ ਖੁੱਲ੍ਹਾ ਅਤੇ ਉੱਚਾ ਕਰਨ ਦੀ ਵੀ ਅਪੀਲ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੁੱਢੇ ਨਾਲੇ ਦੇ 40 ਕਿਲੋਮੀਟਰ ਦੇ ਘੇਰੇ ਵਿੱਚ ਆਲੇ-ਦੁਆਲੇ ਜਾਲੀਆਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇਸ ਵਿੱਚ ਗੰਦਗੀ ਸੁੱਟਣ ਤੋਂ ਰੋਕਿਆ ਜਾ ਸਕੇ।
ਲੁਧਿਆਣਾ ਦੀ ਦੁਰਗਾ ਕਲੋਨੀ ਵਿੱਚ ਸੀਵਰੇਜ ਜਾਮ ਤੋਂ ਲੋਕ ਪ੍ਰੇਸ਼ਾਨ; ਨਾਅਰੇਬਾਜ਼ੀ ਕੀਤੀ
ਲੁਧਿਆਣਾ (ਟਨਸ): ਲੁਧਿਆਣਾ ਦੇ ਦੁਰਗਾ ਕਲੋਨੀ ਇਲਾਕੇ ’ਚ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ। ਸੀਵਰੇਜ ਜਾਮ ਹੋਣ ਕਾਰਨ ਸੜਕ ’ਤੇ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਥਾਂ-ਥਾਂ ਦਲਦਲ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋ ਰਹੇ ਹਨ। ਦੁਗਰਾ ਕਲੋਨੀ ਸੀਕਰੀ ਚੌਂਕ ਇਲਾਕੇ ’ਚ ਸੜਕਾਂ ਦੀ ਖਸਤਾ ਹਾਲਤ ਅਤੇ ਸੀਵਰੇਜ ਦੀ ਸਮੱਸਿਆ ਦੀ ਹਾਲਤ ਕਾਫ਼ੀ ਪਰੇਸ਼ਾਨ ਹਨ। ਜਿਸਦੇ ਕਾਰਨ ਹੁਣ ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਤੇ ਮੇਅਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਡਾ. ਅਨਿਲ ਕੁਮਾਰ, ਸੰਜੇ ਟੰਡਨ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਦੁਰਗਾ ਕਲੋਨੀ ਸੀਕਰੀ ਚੌਕ ਵਾਲੀ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋਣ ਨਾਲ ਉਸਦੀ ਹਾਲਤ ਕਾਫ਼ੀ ਖਰਾਬ ਹੈ। ਇਹ ਸਮੱਸਿਆ ਲਗਭਗ 15 ਸਾਲਾਂ ਤੋਂ ਜਿਉਂ ਦੀ ਤਿਉਂ ਹੈ, ਪਰ ਕੋਈ ਵੀ ਅਧਿਕਾਰੀ ਸਾਰ ਲੈਣ ਲਈ ਤਿਆਰ ਨਹੀਂ। ਇਸ ਸੜਕ ’ਤੇ ਰੋਜ਼ਾਨਾ ਲੱਖਾਂ ਲੋਕ ਫੋਕਲ ਪੁਆਇੰਟ ਇੰਡਸਟਰੀਅਲ ਇਲਾਕੇ ’ਚ ਕੰਮ ਕਰਨ ਲਈ ਜਾਂਦੇ ਹਨ। ਉਨ੍ਹਾਂ ਨੂੰ ਇੱਥੋਂ ਲੰਘਣ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਬਿਨ੍ਹਾ ਮੀਂਹ ਦੇ ਸੜਕਾਂ ’ਤੇ ਪਾਣੀ ਖੜ੍ਹਾ ਰਹਿੰਦਾ ਹੈ। ਜੇਕਰ ਥੋੜ੍ਹਾ ਜਿਹਾ ਮੀਂਹ ਪੈ ਜਾਵੇ ਤਾਂ ਪਾਣੀ ਘਰਾਂ ’ਚ ਦਾਖ਼ਲ ਹੋਣ ਲੱਗ ਜਾਂਦਾ ਹੈ। ਸੀਵਰੇਜ ਦੇ ਢੱਕਣ ਵੀ ਥਾਂ-ਥਾਂ ਤੋਂ ਟੁੱਟੇ ਪਏ ਹਨ। ਇਸ ’ਚ ਪਾਣੀ ਜਮ੍ਹਾ ਹੋਣ ਨਾਲ ਕਈ ਲੋਕ ਵੀ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਇਲਾਕਿਆਂ ’ਚ ਹਨ ਸੜਕਾਂ ਖਸਤਾ, ਸੀਵਰੇਜ ਸਮੱਸਿਆ ਭਿਆਨਕ ਨਗਰ ਨਿਗਮ ਦੇ ਸਹੂਲਤਾਂ ਦੇਣ ਦੇ ਦਾਅਵਿਆਂ ਦੇ ਵਿੱਚ ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ’ਚ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਕਈ ਸੜਕਾਂ ਦੀ ਹਾਲਤ ਇੰਨ੍ਹੀ ਖਸਤਾ ਹੈ ਕਿ ਉਥੋਂ ਲੰਘਣਾ ਮੁਸ਼ਕਿਲ ਹੈ ਤੇ ਕਈ ਥਾਂਵਾਂ ’ਤੇ ਸੀਵਰੇਜ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਢੰਡਾਰੀ ਖੁਰਦ, ਦੁਰਗਾ ਕਲੋਨੀ, ਪ੍ਰੇਮ ਮਨਗਰ, ਨਿਊ ਦੁਰਗਾ ਕਲੋਨੀ, ਜਗਦੀਸ਼ ਕਲੋਨੀ, ਗਰਚਾ ਕਲੋਨੀ, ਸ਼ਿਵ ਕਲੋਨੀ, ਭਾਗਰਵ ਰੋਡ ’ਚ ਸੜਕਾਂ ਖਸਤਾਹਾਲ ਹਨ। ਸੀਵਰੇਜ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹਨ।