ਲੁਧਿਆਣਾ: ਆਈਸੀਐਸਈ ਬੋਰਡ ਵੱਲੋਂ ਅੱਜ ਸ਼ਾਮ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਸਕੂਲਾਂ ਵਿੱਚੋਂ ਸਤ ਪਾਲ ਮਿੱਤਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜਾ ਆਉਂਦਿਆਂ ਹੀ ਸਕੂਲਾਂ ਵਿੱਚ ਰੌਣਕ ਲੱਗਣੀ ਸ਼ੁਰੂ ਹੋ ਗਈ ਅਤੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੀਆਂ ਸਾਥੀਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਸਕੂਲ ਦੇ ਸਾਇੰਸ ਗਰੁੱਪ ਵਿੱਚੋਂ ਅਨਾਨਿਆ ਚੌਧਰੀ ਨੇ 98.8 ਫੀਸਦੀ ਅੰਕਾਂ ਨਾਲ ਪਹਿਲਾ, ਭਾਵਿਆ ਬਾਂਸਲ ਨੇ 98.4 ਫੀਸਦੀ ਅੰਕਾਂ ਨਾਲ ਦੂਜਾ ਅਤੇ ਤਨਿਸ਼ਕ ਅਗਰਵਾਲ ਨੇ 98.2 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚੋਂ ਰਾਇਨਾ ਮਹਿਰਾ ਨੇ 98.8 ਪ੍ਰਤੀਸ਼ਤ, ਅਮੂਲਿਆ ਧਵਨ ਅਤੇ ਰੀਆ ਖੋਸਲਾ ਨੇ ਸਾਂਝੇ ਤੌਰ ’ਤੇ 98.6 ਅਤੇ ਮਾਨਵੀ ਸਿੰਘ ਨੇ 98 ਪ੍ਰਤੀਸ਼ਤ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਚੰਗੇ ਅੰਕਾਂ ਨਾਲ ਪਾਸ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ