ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਮਾਰਚ
ਇਥੋਂ ਦੀ ਚਾਂਦਲਾ ਮਾਰਕੀਟ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਕੌਂਸਲ ਦੀ ਟੀਮ ਨਾਲ ਦੁਕਾਨਦਾਰਾਂ ਨੇ ਧੱਕਾ-ਮੁੱਕੀ ਕੀਤੀ। ਇਸ ਦੇ ਬਾਵਜੂਦ ਟੀਮ ਨੇ ਸਾਮਾਨ ਚੁੱਕ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਚੰਚਲ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰ ਵਿਚ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਜਿਸ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਤੇ ਪੁੱਜੇ ਤਾਂ ਚਾਂਦਲਾ ਮਾਰਕੀਟ ਨੇੜੇ ਦੁਕਾਨ ਦੇ ਬਾਹਰ ਸੇਲ ਲਗਾ ਕੇ ਰਸਤਾ ਰੋਕਿਆ ਗਿਆ ਸੀ, ਇਸੇ ਤਰ੍ਹਾਂ ਪਕੌੜੇ ਵਾਲੀ ਦੁਕਾਨ ਦੇ ਬਾਹਰ ਹੱਦ ਨਾਲੋਂ ਜ਼ਿਆਦਾ ਸਾਮਾਨ ਪਿਆ ਸੀ ਜਿਸ ਨੂੰ ਟੀਮ ਨੇ ਚੁੱਕਣਾ ਸ਼ੁਰੂ ਕੀਤਾ ਤਾਂ ਦੁਕਾਨਦਾਰਾਂ ਨੇ ਕੌਂਸਲ ਟੀਮ ਦਾ ਵਿਰੋਧ ਕੀਤਾ ਤੇ ਗੱਲ ਬਹਿਸਬਾਜ਼ੀ ਤੋਂ ਬਾਅਦ ਧੱਕਾ-ਮੁੱਕੀ ’ਤੇ ਪਹੁੰਚ ਗਏ। ਈ.ਓ ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਕੰਮ ’ਚ ਵਿਘਨ ਪਾਉਣਾ ਅਤੇ ਟੀਮ ਨਾਲ ਧੱਕਾ ਮੁੱਕੀ ਮਾੜੀ ਗੱਲ ਹੈ। ਜੇਕਰ ਕੌਂਸਲ ਟੀਮ ਉਨ੍ਹਾਂ ਨੂੰ ਪੁਲੀਸ ਕੋਲ ਮਾਮਲਾ ਦਰਜ ਕਰਵਾਉਣ ਲਈ ਕਹੇਗਾ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਰਮਚਾਰੀ ਯੂਨੀਅਨ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਗੈਰ ਕਾਨੂੰਨੀ ਕਬਜ਼ੇ ਬਰਦਾਸ਼ਤ ਨਹੀਂ ਹੋਣਗੇ। ਇਸ ਨਾਲ ਹੋਰ ਦੁਕਾਨਦਾਰਾਂ ਨੂੰ ਵੀ ਕਬਜ਼ਾ ਕਰਨ ਦੀ ਸ਼ਹਿ ਮਿਲੇਗੀ।