ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਮਈ
ਪਿੰਡ ਤਲਵੰਡੀ ਕਲਾਂ ਤੋਂ ਮਾਜ਼ਰੀ ਨੂੰ ਜਾਂਦੇ ਕੱਚੇ ਰਸਤੇ ’ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਇੱਕ ਧੜੇ ਵੱਲੋਂ ਚਲਾਈ ਗੋਲੀ ਨਾਲ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਸਾਹਮਣੇ ਆਇਆ ਕਿ ਪੁਲੀਸ ਨੇ ਇਸ ਗੈਂਗਵਾਰ ਲੜਾਈ ’ਚ 10 ਨੂੰ ਨਾਮਜ਼ਦ ਕੀਤਾ ਹੈ। ਰਿਵਾਲਵਰ ਦੀ ਗੋਲੀ ਦਾ ਸ਼ਿਕਾਰ ਹੋਏ ਗੁਰਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਮਾਜ਼ਰੀ ਅਤੇ ਥਾਣੇਦਾਰ ਜਗਦੀਸ਼ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਮਾਜ਼ਰੀ ਆਪਣੇ ਸਾਥੀ ਰਵੀ ਸਿੰਘ ਸਮੇਤ ਠੇਕੇ ’ਤੇ ਲਈ ਜ਼ਮੀਨ ਵੱਲ ਦੇਰ ਸ਼ਾਮ ਨੂੰ ਜਾ ਰਿਹਾ ਸੀ। ਜਦੋਂ ਉਹ ਡਰੇਨ ਨੇੜੇ ਪਹੁੰਚਿਆ ਤਾਂ ਜਗਮਿੰਦਰ ਸੇਖੋਂ ਨੇ ਰੋਕ ਲਿਆ ਅਤੇ ਗਾਲੀ ਗਲੋਚ ਕਰਨ ਲੱਗਾ। ਉਸਦੇ ਸਾਥੀ ਗੁਰਕੀਰਤ ਸਿੰਘ ਕਾਲਾ, ਅਮਨ ਦਾਖਾ, ਮਨਜਿੰਦਰ ਸਿੰਘ, ਦਲਪ੍ਰੀਤ ਸਿੰਘ, ਬਲਵਿੰਦਰ ਨੋਨਾ, ਰਮਨ ਧਨੋਆ, ਬੱਬੂ ਪੰਡਤ, ਪਰਮਿੰਦਰ, ਬਿੰਦਾ ਧਨੋਆ ਆਦਿ ਸਾਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਕਤ ਸਾਰੇ ਨੌਜਵਾਨ ਉਸ ਨਾਲ ਧੱਕਾ ਮੁੱਕੀ ਗਾਲੀ ਗਲੋਚ ਕਰਨ ਲੱਗੇ। ਜਦੋਂ ਗੁਰਪ੍ਰੀਤ ਪਿੱਛੇ ਵੱਲ ਨੂੰ ਮੁੱੜਨ ਲੱਗਾ ਤਾਂ ਜਗਮਿੰਦਰ ਭੋਲਾ ਨੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਪੱਟ ’ਚ ਗੋਲੀ ਲੱਗਣ ਕਾਰਨ ਗੁਰਪ੍ਰੀਤ ਜ਼ਖਮੀ ਹੋ ਗਿਆ ਤੇ ਹਮਲਾਵਰ ਫਰਾਰ ਹੋ ਗਏ।ਗੁਰਪ੍ਰੀਤ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ। ਉਸਦੇ ਬਿਆਨਾਂ ਦੇ ਆਧਾਰ ’ਤੇ 10 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।