ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਇੱਥੋਂ ਦੇ ਇੱਕ ਸਕੂਲ ’ਚ ਹੋਈ ਮਾਮੂਲੀ ਬਹਿਸ ਤੋਂ ਬਾਅਦ ਵਿਦਿਆਰਥੀ ਸਮਾਂ ਬੰਨ੍ਹ ਕੇ ਸ਼ਿਵਪੁਰੀ ਕੋਲ ਇਕੱਠੇ ਹੋ ਗਏ, ਜਿੱਥੇ ਦੋਹਾਂ ਧੜਿਆਂ ਨੇ ਇੱਕ-ਦੂਜੇ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਨੇੜਲੇ ਇੱਕ ਸ਼ੋਅਰੂਮ ਦਾ ਵੀ ਨੁਕਾਸਨ ਕੀਤਾ। ਪੁਲੀਸ ਪੁੱਜਣ ਤੋਂ ਪਹਿਲਾਂ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਕੂਲੀ ਵਿਦਿਆਰਥੀਆਂ ਦੀ ਵੀਰਵਾਰ ਨੂੰ ਆਪਣੇ ਸਕੂਲ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਉਸ ਤੋ ਬਾਅਦ ਦੋਹਾਂ ਧੜਿਆਂ ਦੇ ਨੌਜਵਾਨਾਂ ਨੇ ਇੱਕ-ਦੂਸਰੇ ਨਾਲ ਸਮਾਂ ਬੰਨ੍ਹਿਆ ਤੇ ਗੁੰਬਰ ਇਲੈਕਟ੍ਰੋਨਿਕਸ ਸ਼ੋਅਰੂਮ ਕੋਲ ਇੱਕ-ਦੂਜੇ ਦੀ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਇੱਕ ਨੌਜਵਾਨ ਸ਼ੋਅਰੂਮ ਦੇ ਬਾਹਰ ਖੜ੍ਹੇ ਮਾਲਕ ਪ੍ਰਤੀਕ ਦੇ ਲੜਕੇ ਨੂੰ ਧੱਕਾ ਦੇ ਖੁਦ ਦੇ ਬਚਾਅ ਲਈ ਅੰਦਰ ਦਾਖਲ ਹੋ ਗਿਆ। ਇੱਕ-ਇੱਕ ਕਰਕੇ ਹੋਰ ਨੌਜਵਾਨ ਵੀ ਸ਼ੋਅਰੂਮ ’ਚ ਦਾਖਲ ਹੋਏ ਤੇ ਸਾਮਾਨ ਦੀ ਭੰਨਤੋੜ ਕੀਤੀ। ਉਸ ਤੋਂ ਬਾਅਦ ਹਮਲਾਵਰ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ ਤੇ ਜ਼ਖਮੀ ਨੌਜਵਾਨ ਵੀ ਆਪਣੀ ਜਾਨ ਬਚਾਉਣ ਲਈ ਸ਼ੋਅਰੂਮ ’ਚੋਂ ਭੱਜ ਗਏ। ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਥਾਣਾ ਦਰੇਸੀ ਦੇ ਐੱਸਐੱਚਓ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ।