ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਦਸੰਬਰ
ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ’ਤੇ ਇੱਕ ਵਾਰ ਫਿਰ ਤੋਂ ਸਿਟੀ ਬੱਸਾਂ ਚੱਲਣਗੀਆਂ। ਇਸ ਸਬੰਧੀ ਨਗਰ ਨਿਗਮ ਅਤੇ ਬੱਸਾਂ ਚਲਾਉਣ ਵਾਲੀ ਕੰਪਨੀ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਹੱਲ ਹੋ ਗਿਆ ਹੈ। ਸ਼ਹਿਰ ਵਿੱਚ ਹਾਲੇ ਸਿਰਫ਼ 2 ਰੂਟਾਂ ’ਤੇ ਹੀ ਇਹ ਬੱਸਾਂ ਚੱਲਣਗੀਆਂ। ਕੰਪਨੀ ਵੱਲੋਂ ਸਿਟੀ ਬੱਸ ਸਰਵਿਸ ਲਿਮਟਿਡ ਬੋਰਡ ਦੇ ਸਾਹਮਣੇ ਕਈ ਸਾਲਾਂ ਤੋਂ ਬੱਸਾਂ ਦਾ ਕਿਰਾਇਆ ਦੌਗੁਣਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਬੋਰਡ ਵੱਲੋਂ ਇਸ ਨੂੰ ਅਣਗੌਲਿਆ ਗਿਆ। ਇਸ ਮੁੱਦੇ ਨੂੰ ਲੈ ਕੇ ਹੁਣ ਬੋਰਡ ਵੱਲੋਂ ਸਿਟੀ ਬੱਸ ਨੂੰ ਕਿਰਾਏ ਵਧਾਉਣ ਦੀ ਸਹਿਮਤੀ ਦੇ ਦਿੱਤੀ ਗਈ ਹੈ। ਉਥੇ ਹੀ ਕੰਪਨੀ ਨੂੰ ਆਪਣਾ ਕੇਸ ਵਾਪਸ ਲੈਣ ਲਈ ਕਿਹਾ ਗਿਆ ਹੈ। ਨਵੇਂ ਭਾਅ ਨੂੰ ਬੁੱਧਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਸਿਟੀ ਬੱਸ ਚਲਾਉਣ ਵਾਲੀ ਕੰਪਨੀ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਹਾਲੇ ਫ਼ੈਸਲੇ ਦੀ ਕਾਪੀ ਉਨ੍ਹਾਂ ਕੋਲ ਨਹੀਂ ਪੁੱਜੀ, ਜਿਵੇਂ ਹੀ ਹੁਕਮ ਆ ਜਾਣਗੇ, ਨਵੇਂ ਭਾਅ ਲਾਗੂ ਕਰ ਦਿੱਤੇ ਜਾਣਗੇ। ਦੱਸ ਦਈਏ ਕਿ ਸਾਲ 2009 ’ਚ ਕੇਂਦਰ ਸਰਕਾਰ ਦੇ ਕੋਟੇ ਵਿੱਚੋਂ ਸਿਟੀ ਬੱਸ ਸ਼ੁਰੂ ਕੀਤੀ ਗਈ ਸੀ। ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰੀਨਿਊਅਲ ਮਿਸ਼ਨ ਦੇ ਤਹਿਤ 200 ਵੱਡੀਆਂ ਤੇ ਮਿਨੀ ਬੱਸਾਂ ਖਰੀਦੀਆਂ ਗਈਆਂ ਸਨ। ਨਗਰ ਨਿਗਮ ਨੇ 65.20 ਕਰੋੜ ਰੁਪਏ ਖਰਚ ਕਰਕੇ 200 ਵਿੱਚੋਂ 120 ਬੱਸਾਂ ਖਰੀਦੀਆਂ ਸਨ। ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਜਲਦ ਹੀ ਹੁਣ ਸ਼ਹਿਰ ਦੀਆਂ ਸੜਕਾਂ ’ਤੇ ਦੁਬਾਰਾ ਸਿਟੀ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਜੋ ਵੀ ਮਸਲੇ ਸਨ, ਉਨ੍ਹਾਂ ਨੂੰ ਸੁਲਝਾ ਲਿਆ ਗਿਆ ਹੈ।