ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 16 ਅਗਸਤ
ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਮੌਕੇ ਸ਼ਹਿਰ ਦੇ ਮੁੱਖ ਤਲਵੰਡੀ ਗੇਟ ਸਾਹਮਣੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿਚ ਸੀਟੂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਤਿਰੰਗਾ ਮਾਰਚ ਕਰਦਿਆਂ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਦੀ ਰਾਖੀ ਦਾ ਪ੍ਰਣ ਦੁਹਰਾਇਆ। ਸੀਟੂ ਵੱਲੋਂ ਦੇਸ਼ ਵਿਆਪੀ ਸੱਦੇ ਅਨੁਸਾਰ ਲੱਕ ਤੋੜ ਮਹਿੰਗਾਈ ਅਤੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਭਾਰਤੀ ਫ਼ੌਜ ਵਿੱਚ ਭਰਤੀ ਲਈ ਲਿਆਂਦੀ ਅਗਨੀਪਥ ਯੋਜਨਾ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। ਸੂਬਾ ਮੀਤ ਪ੍ਰਧਾਨ ਜਤਿੰਦਰਪਾਲ ਬੱਸੀਆਂ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਨੇ ਕਿਹਾ ਮੋਦੀ ਸਰਕਾਰ ਭਾਰਤੀ ਫ਼ੌਜ ਨੂੰ ਵੀ ਠੇਕੇ ’ਤੇ ਦੇਣ ਜਾ ਰਹੀ ਹੈ। ਸੀਟੂ ਆਗੂਆਂ ਪ੍ਰਿਤਪਾਲ ਸਿੰਘ ਬਿੱਟਾ, ਕਰਮਜੀਤ ਸਨੀ, ਬਾਲਮੀਕ ਸਮਾਜ ਦੇ ਪ੍ਰਧਾਨ ਬੌਬੀ ਗਿੱਲ ਨੇ ਕਿਹਾ ਕਿ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਸੱਤਵੇਂ ਅਸਮਾਨ ’ਤੇ ਪਹੁੰਚ ਗਈਆਂ ਹਨ।