ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਪਰੈਲ
ਪੰਜਾਬ ਦੇ ਲੁਧਿਆਣਾ ’ਚ ਰੇਲਵੇ ਸਟੇਸ਼ਨ ’ਤੇ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ’ਚ ਸਰਕਾਰ ਚੱਲ ਨਹੀਂ ਰਹੀ। ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਕਿਤੇ ਵਪਾਰੀ ਲੁੱਟ ਰਹੇ ਹਨ ਤੇ ਕਿਤੇ ਆਮ ਜਨਤਾ ’ਤੇ ਗੋਲੀਆਂ ਚੱਲ ਰਹੀਆਂ ਹਨ। ਸ੍ਰੀ ਚੁੱਘ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ’ਚ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲੀਸ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰ ਰਹੇ ਹਨ। ਸ੍ਰੀ ਚੁੱਘ ਨੇ ਦੋਸ਼ ਲਾਇਆ ਕਿ ਜੋ ਵੀ ਵਿਅਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਲੋਕ ਮਾਰੂ ਨੀਤੀਆਂ ਖਿਲਾਫ਼ ਆਵਾਜ਼ ਚੁੱਕਦਾ ਹੈ, ਉਸ ਦੇ ਘਰ ’ਤੇ ਪੁਲੀਸ ਭੇਜ ਕੇ ਉਸਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ਼ ਨੇ ਕੁਝ ਅਜਿਹੇ ਤੱਥ ਲੋਕਾਂ ਦੇ ਸਾਹਮਣੇ ਰੱਖੇ ਸਨ, ਜਿਸਦਾ ਆਮ ਆਦਮੀ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਸੀ। ਉਸੇ ਗੱਲ ਦਾ ਬਦਲਾ ਲੈਣ ਲਈ ਹੁਣ ਸਰਕਾਰ ਕੁਮਾਰ ਵਿਸ਼ਵਾਸ਼ ਦੇ ਘਰ ਦਸਤਕ ਦੇ ਰਹੀ ਹੈ।
ਪੰਜਾਬ ’ਚ ਭਾਜਪਾ ਦੀ ਹਾਰ ਦੇ ਬਾਰੇ ’ਚ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੇ ਉਮੀਦਵਾਰਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਵਿਰੋਧੀਆਂ ਨੂੰ ਪੂਰੀ ਟੱਕਰ ਦਿੱਤੀ। ਉਧਰ, ਪਾਰਟੀ ਦਾ ਵੋਟ ਫੀਸਦ ਵੀ ਵਧਿਆ ਹੈ। ਹੁਣ ਵੀ ਪੰਜਾਬ ਦੇ ਭਾਜਪਾ ਵਰਕਰਾਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਾਰੇ ’ਚ ਤਰੁਣ ਚੁੱਘ ਨੇ ਕਿਹਾ ਕਿ ਸਿੱਧੂ ਨੂੰ ਹਟਾ ਕੇ ਜੇਕਰ ਕਾਂਗਰਸ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ।
ਇਸ ਦੇ ਬਾਰੇ ’ਚ ਉਹ ਕੁਝ ਨਹੀਂ ਕਹਿ ਸਕਦੇ। ਤਰੁਣ ਚੁੱਘ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ 1 ਮਹੀਨੇ ਦੀ ਕਾਰਗੁਜ਼ਾਰੀ ਦੇਖੀ ਜਾਵੇ ਤਾਂ ਉਹ ਜ਼ੀਰੋ ਤੋਂ ਵੀ ਥੱਲੇ ਹੈ। ‘ਆਪ’ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪੰਜਾਬ ਸਰਕਾਰ ਨੇ ਆਪਣਾ ਕੋਈ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ।
ਪੰਜਾਬ ਦੇ ਮੰਤਰੀ ਵੱਲੋਂ ਵਿਭਾਗਾਂ ਦੀਆਂ ਫਾਈਲਾਂ ਦਿੱਲੀ ‘ਆਪ’ ਆਗੂਆਂ ਅੱਗੇ ਪੇਸ਼ ਕਰਨਾ ਮੰਦਭਾਗਾ ਕਰਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਗਾਇਆ ਹੈ ਕਿ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਸੰਵਿਧਾਨ ਦੀ ਚੁੱਕੀ ਸਹੁੰ ਦੀਆਂ ਧੱਜੀਆਂ ਉਡਾ ਰਹੇ ਹਨ। ਉਹ ਅੱਜ ਸਿਵਲ ਲਾਈਨ ਸਥਿਤ ਭਾਜਪਾ ਆਗੂ ਸੁਮਨ ਵਰਮਾ ਦੇ ਗ੍ਰਹਿ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀ ਆਪਣੇ ਵਿਭਾਗਾਂ ਦੀਆਂ ਮਹੱਤਵਪੂਰਨ ਫਾਈਲਾਂ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਆਗੂਆਂ ਨੂੰ ਦਿਖਾ ਰਹੇ ਹਨ ਜੋ ਮੰਤਰੀ ਬਣਨ ਸਮੇਂ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਚੁੱਕੀ ਸਹੁੰ ਦੇ ਸਰਾਸਰ ਉਲਟ ਹੈ। ਸ੍ਰੀ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਕੋਈ ਦਿਸ਼ਾ ਹੈ। ਪੰਜਾਬ ਪ੍ਰਤੀ ਗੰਭੀਰਤਾ ਵੀ ਸਰਕਾਰ ਵਿੱਚ ਨਹੀਂ ਦਿੱਖ ਰਹੀ ਕਿਉਂਕਿ ਸਰਕਾਰ ਕੰਮ ਕਰਨ ਵਿੱਚ ਨਹੀਂ ਬਲਕਿ ਸ਼ੋਸ਼ੇ ਛੱਡਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕਰਨ ਲਈ ਚੋਣਾਂ ਦੌਰਾਨ ਕੀਤਾ ਇਕ ਵੀ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ।