ਰਾਮ ਗੋਪਾਲ ਰਾਏਕੋਟੀ
ਰਾਏਕੋਟ, 26 ਅਗਸਤ
ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ (ਸੀਟੂ) ਤਹਿਸੀਲ ਕਮੇਟੀ ਦੀ ਮੀਟਿੰਗ ਪ੍ਰਧਾਨ ਸ਼ਾਦੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੀਲਾ ਨਗਰ ਵਿੱਚ ਹੋਈ। ਸੀਟੂ ਦੇ ਸੂਬਾਈ ਸਕੱਤਰ ਕਾ. ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਪੰਜਾਬ ਭਰ ਵਿੱਚ ਚੌਕੀਦਾਰਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਤੱਕ ਠੀਕਰੀ ਪਹਿਰੇ ਅਤੇ ਹੋਰ ਸਰਕਾਰੀ ਕੰਮਾਂ ਦਾ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਅਤੇ ਸਰਪੰਚਾਂ ਵੱਲੋਂ ਪੇਂਡੂ ਚੌਕੀਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂਕਿ ਪੇਂਡੂ ਚੌਕੀਦਾਰ ਮਾਲ ਮਹਿਕਮੇ ਅਧੀਨ ਆਉਂਦੇ ਹਨ। ਪੇਂਡੂ ਚੌਂਕੀਦਾਰਾਂ ਨੂੰ 40 ਰੁਪਏ ਦਿਹਾੜੀ ਦੇ ਹਿਸਾਬ ਨਾਲ 1250 ਰੁਪਏ ਪ੍ਰਤੀ ਮਹੀਨਾ ਨਿਗੂਣਾ ਮਾਣ ਭੱਤਾ ਦਿੱਤਾ ਜਾਂਦਾ ਹੈ। ਇਸ ਨਿਗੂਣਾ ਮਾਣ ਭੱਤੇ ’ਤੇ ਪੇਂਡੂ ਚੌਕੀਦਾਰ ਠੀਕਰੀ ਪਹਿਰੇ ਦਾ ਬਾਈਕਾਟ ਕਰਦੇ ਹਨ। ਕਾ. ਗੋਰਾ ਨੇ ਪੁਲੀਸ ਵਿਭਾਗ ਅਤੇ ਸਰਪੰਚਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੇਂਡੂ ਚੌਂਕੀਦਾਰਾਂ ਨੂੰ ਠੀਕਰੀ ਪਹਿਰਾ ਲਗਾਉਣ ਲਈ ਦਬਾਅ ਪਾਇਆ ਗਿਆ ਤਾਂ ਸਰਪੰਚਾਂ ਅਤੇ ਪੁਲੀਸ ਵਿਭਾਗ ਵਿਰੁੱਧ ਧਰਨੇ ਅਤੇ ਮੁਜ਼ਾਹਰੇ ਕਰਕੇ ਮੂੰਹ ਤੋੜ ਜਵਾਬ ਦਿੱਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਚੌਂਕੀਦਾਰਾਂ ਦੀ ਬਾਕੀ ਰਹਿੰਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ। ਇਸ ਮੌਕੇ ਜਗਦੀਸ਼ ਸਿੰਘ ਬੁਰਜ਼ ਨਕਲੀਆ ਜਨਰਲ ਸਕੱਤਰ ਪੰਜਾਬ (ਚੌਂਕੀਦਾਰ ਯੂਨੀਅਨ), ਬੁੱਤਾ ਖਾਂ, ਨਛੱਤਰ ਸਿੰਘ ਨੱਥੋਵਾਲ, ਕਰਮਜੀਤ ਸਿੰਘ ਲੋਹਟਬੱਦੀ, ਚਰਨਜੀਤ ਸਿੰਘ ਐਤੀਆਣਾ ਅਤੇ ਨਵਾਬ ਖਾਂ ਨੱਥੋਵਾਲ ਹਾਜ਼ਰ ਸਨ।