ਜਗਰਾਉਂ: ਇੱਥੇ ਨੇੜਲੇ ਪਿੰਡ ਖੁਰਸ਼ੈਦਪੁਰ ਨੇੜੇ ਜੁਗਾੜੂ ਮੋਟਰਸਾਈਕਲ-ਰੇਹੜਾ ਚਾਲਕ ਨੇ ਮੋਟਰਸਾਈਕਲ ’ਤੇ ਜਾ ਰਹੇ ਪਰਿਵਾਰ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਕਾਰਨ ਵਾਪਰੇ ਹਾਦਸੇ ’ਚ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ ਜਦੋਂਕਿ ਉਨ੍ਹਾਂ ਦੇ ਕਰੀਬ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੀੜਤ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬਾਅਦ ਦੁਪਾਹਿਰ ਨੂੰ ਉਹ ਆਪਣੀ ਪਤਨੀ ਰੀਨਾ ਰਾਣੀ ਅਤੇ ਛੋਟੇ ਬੱਚੇ ਅਰਮਾਨ ਨਾਲ ਮੋਟਰਸਾਈਕਲ ’ਤੇ ਸਿੱਧਵਾਂ ਬੇਟ-ਖੁਰਸ਼ੈਦਪੁਰ ਰਸਤੇ ਤੋਂ ਆਪਣੇ ਘਰ ਜਾ ਰਿਹਾ ਸੀ। ਅਚਾਨਕ ਇੱਕ ਜੁਗਾੜੂ ਮੋਟਰਸਾਈਕਲ ਰੇਹੜਾ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਰੀਨਾ ਰਾਣੀ ਦੀ ਗੋਦ ’ਚ ਚੁੱਕਿਆ ਅਰਮਾਨ ਹੇਠਾਂ ਡਿੱਗ ਪਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਹ ਦੋਵੇਂ ਜ਼ਖ਼ਮੀ ਹੋ ਗਏ। ਮੋਟਰਸਾਈਕਲ ਰੇਹੜਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਥਾਣਾ ਸਿੱਧਵਾਂ ਬੇਟ ਨੇ ਮੁਕੇਸ਼ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। -ਪੱਤਰ ਪ੍ਰੇਰਕ