ਗਗਨਦੀਪ ਅਰੋੜਾ
ਲੁਧਿਆਣਾ, 21 ਸਤੰਬਰ
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਚਾਰਜ ਸੰਭਾਲਦੇ ਹੀ ਪ੍ਰਸਾਸ਼ਨਿਕ ਅਮਲੇ ’ਤੇ ਕਾਬੂ ਪਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਦੇਰ ਰਾਤ ਤੱਕ ਚੱਲੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਵੇਰੇ 9 ਵਜੇ ਆਪਣੇ ਦਫ਼ਤਰ ਪੁੱਜਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦਾ ਅਸਰ ਅੱਜ ਲੁਧਿਆਣਾ ਵਿੱਚ ਵੇਖਣ ਨੂੰ ਮਿਲਿਆ। ਲੁਧਿਆਣਾ ਵਿੱਚ ਅੱਜ 9 ਵੱਜਣ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਤੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾ ਸਭੱਰਵਾਲ ਪੁੱਜ ਗਏ ਸਨ। ਇੰਨਾ ਜ਼ਰੂਰ ਰਿਹਾ ਕਿ ਕਈ ਵਿਭਾਗਾਂ ਵਿੱਚ ਕੁੱਝ ਲੇਟ ਲੇਤੀਫ਼ ਮੁਲਾਜ਼ਮ ਵੀ ਸਨ। ਮੰਗਲਵਾਰ ਸਵੇਰੇ ਲੁਧਿਆਣਾ ਦੇ ਜ਼ਿਆਦਾਤਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਹੀ ਰੌਣਕਾਂ ਲੱਗਣੀ ਸ਼ੁਰੂ ਹੋ ਗਈਆਂ ਸਨ, ਡੀਸੀ ਦਫ਼ਤਰ ਦੀ ਗੱਲ ਕਰੀਏ ਤਾਂ 8.55 ’ਤੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਖੁਦ ਪੁੱਜ ਗਏ ਸਨ। ਡੀਸੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਸਾਰੇ ਹੀ ਦਫ਼ਤਰਾਂ ਨੂੰ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਅੱਜ ਸਵੇਰੇ 9 ਵਜੇ ਹੀ ਸਾਰੇ ਮੁਲਾਜ਼ਮ ਆ ਗਏ ਸਨ, ਜੇ ਕੋਈ ਮੁਲਾਜ਼ਮ ਲੇਟ ਸੀ ਤਾਂ ਉਸ ਤੋਂ ਕਾਰਨ ਵੀ ਪੁੱਛਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਅੱਗੇ ਵੀ ਰੋਜ਼ਾਨਾ ਸਵੇਰੇ ਦੀ ਹਾਜ਼ਰੀ ਚੈਕ ਕਰਨਗੇ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਵੀ 9 ਵੱਜਣ ਤੋਂ ਪਹਿਲਾਂ ਹੀ ਆਪਣੇ ਦਫ਼ਤਰ ਪੁੱਜ ਗਏ। ਉਨ੍ਹਾਂ ਨੇ 9 ਵਜੇ ਹੀ ਲੋਕਾਂ ਦੇ ਨਾਲ ਪਬਲਿਕ ਡੀਲਿੰਗ ਸ਼ੁਰੂ ਕਰ ਦਿੱਤੀ ਸੀ, ਦਫ਼ਤਰ ਵਿੱਚ ਉਹ ਰੋਜ਼ਾਨਾ ਅਪਾਇੰਟਮੈਂਟ ਲੈ ਕੇ ਮਿਲਣ ਆਏ ਲੋਕਾਂ ਨੂੰ ਮਿਲਦੇ ਹਨ। ਰੋਜ਼ਾਨਾ 150 ਦੇ ਕਰੀਬ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਇਸ ਦਫ਼ਤਰ ਵਿੱਚ ਪੁੱਜਦੇ ਹਨ। ਇਸੇ ਤਰ੍ਹਾਂ ਨਗਰ ਨਿਗਮ ਦਫ਼ਤਰਾਂ ’ਚ ਜ਼ਿਆਦਾਤਰ ਮੁਲਾਜ਼ਮ ਸਮੇਂ ਸਿਰ ਪੁੱਜ ਗਏ ਸਨ।
ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣਾ ਅਹੁਦਾ ਸੰਭਾਲਦੇ ਹੀ ਸਰਕਾਰੀ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੇ ਅਧੀਨ ਆਉਂਦੇ ਵਿਭਾਗਾਂ ਦੇ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਹਾਜ਼ਰੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਯਕੀਨੀ ਬਣਾਉਣ। ਮੁੱਖ ਮੰਤਰੀ ਦੀ ਇਸ ਘੁਰਕੀ ਦਾ ਅਸਰ ਮਾਛੀਵਾੜਾ ਇਲਾਕੇ ਵਿਚ ਸਾਫ਼ ਦੇਖਣ ਨੂੰ ਮਿਲਿਆ ਜਿੱਥੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਵਲੋਂ ਅੱਜ ਵੱਖ-ਵੱਖ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਚੈਕ ਕੀਤੀ ਗਈ। ਨਾਇਬ ਤਹਿਸੀਲਦਾਰ ਵਲੋਂ ਅੱਜ ਸੇਵਾ ਕੇਂਦਰ ਜਾ ਕੇ ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਰੇ ਮੁਲਾਜ਼ਮ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਪੱਬੀ ਵੱਲੋਂ ਪਟਵਾਰਖਾਨੇ ਜਾ ਕੇ ਪਟਵਾਰੀਆਂ ਦੀ ਵੀ ਹਾਜ਼ਰੀ ਚੈਕ ਕੀਤੀ ਗਈ। ਇਸ ਮੌਕੇ ਸ੍ਰੀ ਪੱਬੀ ਨੇ ਕਿਹਾ ਕਿ ਚੈਕਿੰਗ ਜਾਰੀ ਰਹੇਗੀ। ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਅੱਜ ਸਾਰੇ ਮੁਲਾਜ਼ਮ 9 ਵਜੇ ਹੀ ਦਫ਼ਤਰਾਂ ’ਚ ਪੁੱਜ ਗਏ ਸਨ।