ਪਾਇਲ: ਇੱਥੋਂ ਦੀ ਵਾਰਡ ਨੰਬਰ-4 ਦੀ ਕਾਂਗਰਸੀ ਕੌਂਸਲਰ ਮਨਜੀਤ ਕੌਰ ਨੇ ਲਿਖਤੀ ਦਰਖ਼ਾਸਤ ਰਾਹੀਂ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਤੇ ਕਾਰਜਸਾਧਕ ਅਫ਼ਸਰ ਪਾਇਲ ਨੂੰ ਸ਼ਹਿਰ ਅੰਦਰ ਲੱਗੀਆਂ ਇੰਟਰਲੌਕਿੰਗ ਟਾਈਲਾਂ ਦੀ ਪੜਤਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਪੜਤਾਲ ਚੱਲਦੀ ਹੈ, ਠੇਕੇਦਾਰ ਨੂੰ ਬਿਲਾਂ ਦੀ ਅਦਾਇਗੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਹਾਂਦੇਵ ਮੰਦਰ ਰੋਡ ’ਤੇ ਸੜਕ ਦੇ ਦੋਵੇਂ ਪਾਸੇ ਜੋ ਵਰਮਾਂ ਦਾ ਕੰਮ ਚੱਲ ਰਿਹਾ ਹੈ, ਵਿੱਚ ਵੀ ਠੇਕੇਦਾਰ ਵੱਲੋਂ ਕਥਿਤ ਘਟੀਆ ਸਮੱਗਰੀ ਵਰਤੀ ਜਾ ਰਹੀ ਹੈ। ਇਸ ਦੀ ਜਾਂਚ ਪੜਤਾਲ ਕਰ ਕੇ ਠੇਕੇਦਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਨੇ ਕਿਹਾ ਕਿ ਉਨ੍ਹਾਂ ਦਰਖ਼ਾਸਤ ਪੁੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ। -ਪੱਤਰ ਪ੍ਰੇਰਕ