ਗਗਨਦੀਪ ਅਰੋੜਾ
ਲੁਧਿਆਣਾ, 10 ਫਰਵਰੀ
ਆਮ ਆਦਮੀ ਦੀ ਛਵੀ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਬੀਤੀ ਰਾਤ ਫਿਰ ਨੈਸ਼ਨਲ ਹਾਈਵੇਅ ’ਤੇ ਇੱਕ ਢਾਬੇ ’ਤੇ ਰੋਟੀ ਖਾਣ ਲਈ ਪੁੱਜ ਗਏ। ਇੱਥੇ ਉਨ੍ਹਾਂ ਨੇ ਮੰਜੀ ’ਤੇ ਬੈਠ ਕੇ ਦਾਲ ਰੋਟੀ ਖਾਧੀ ਤੇ ਉਥੇ ਮੌਜੂਦ ਨੌਜਵਾਨਾਂ ਕੋਲੋ ਗਾਣੇ ਵੀ ਸੁਣੇ। ਇਸਦੇ ਨਾਲ ਹੀ ਉਨ੍ਹਾਂ ਨੇ ਢਾਬੇ ’ਤੇ ਰੋਟੀ ਖਾਣ ਲਈ ਰੁੱਕੇ ਟਰੱਕ ਡਰਾਈਵਰਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਕੋਲੋਂ ਪੁੱਛਿਆ ਕਿ 111 ਦਿਨਾਂ ਦੇ ਉਨ੍ਹਾਂ ਦੇ ਕੰਮ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ। ਇਸਦੇ ਨਾਲ ਹੀ ਲੋਕਾਂ ਵਿੱਚ ਚੰਨੀ ਦੇ ਨਾਲ ਸੈਲਫ਼ੀ ਖਿਚਵਾਉਣ ਦਾ ਕਾਫ਼ੀ ਕਰੇਜ਼ ਵੀ ਦੇਖਣ ਨੂੰ ਮਿਲਿਆ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਬੀਤੇ ਦਿਨ ਵੀ ਕਈ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਕਰਨ ਤੋਂ ਬਾਅਦ ਉਹ ਆਪਣੇ ਕਾਫਲੇ ਦੇ ਨਾਲ ਹੀ ਰਾਤ ਨੂੰ ਰੋਟੀ ਖਾਣ ਲਈ ਸਾਹਨੇਵਾਲ ਨੇੜੇ ਨੈਸ਼ਨਲ ਹਾਈਵੇਅ ’ਤੇ ਸਥਿਤ ਇੱਕ ਮਸ਼ਹੂਰ ਢਾਬੇ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਮੰਜੀ ’ਤੇ ਬੈਠ ਕੇ ਰੋਟੀ ਖਾਦੀ। ਉਨ੍ਹਾਂ ਨੇ ਢਾਬੇ ’ਤੇ ਦਾਲ, ਰੋਟੀ, ਮਿਕਸ ਸਬਜ਼ੀ ਆਡਰ ਕੀਤੀ। ਇਥੇ ਉਨ੍ਹਾਂ ਸਭ ਦੇ ਵਿਚ ਬੈਠ ਕੇ ਰੋਟੀ ਖਾਦੀ, ਇੱਥੇ ਉਹ ਕਰੀਬ ਅੱਧੇ ਘੰਟੇ ਤੋਂ ਵੱਧ ਸਮਾਂ ਰੁਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ, ਜਿਸ ਦਿਨ ਚੰਨੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੋਣਾਂ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ, ਉਦੋਂ ਵੀ ਰਾਤ ਨੂੰ ਚੰਨੀ ਨੇ ਹਲਕਾ ਦੱਖਣੀ ਵਿੱਚ ਗਿੱਲ ਰੋਡ ’ਤੇ ਇੱਕ ਢਾਬੇ ’ਤੇ ਰੁੱਕ ਕੇ ਰੋਟੀ ਖਾਧੀ ਸੀ। ਉਸ ਦਿਨ ਤਾਂ ਚੰਨੀ ਨੇ ਖੁੱਦ ਛੋਲਿਆਂ ਨੂੰ ਤੜਕੇ ਵੀ ਲਗਾਏ ਸਨ।
ਨੌਜਵਾਨਾਂ ਤੋਂ ਸੁਣੇ ਗਾਣੇ
ਇਸ ਦੌਰਾਨ ਮੁੱਖ ਮੰਤਰੀ ਚੰਨੀ ਨੂੰ ਮਿਲਣ ਦੇ ਲਈ ਕਈ ਨੌਜਵਾਨ ਵੀ ਆ ਗਏ. ਉਨ੍ਹਾਂ ਨੇ ਕਈ ਗਾਣੇ ਗਾ ਕੇ ਸੁਣਾਏ ਤੇ ਚੋਣਾਂ ਦੇ ਲਈ ਕਾਂਗਰਸ ਪਾਰਟੀ ਵੱਲੋਂ ਬਣਾਇਆ ਗਿਆ ਚੋਣ ਪ੍ਰਚਾਰ ਮੁਹਿੰਮ ਦਾ ਗਾਣਾ, ਘਰ-ਘਰ ਦੇ ਵਿਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ ਵੀ ਸੁਣਿਆ, ਜਿਸ ਨੂੰ ਸੁਣ ਚੰਨੀ ਕਾਫ਼ੀ ਖੁਸ਼ ਹੋਏ।
ਟਰੱਕ ਡਰਾਈਵਰਾਂ ਨਾਲ ਖਿਚਵਾਈਆਂ ਸੈਲਫ਼ੀਆਂ
ਇਸ ਦੌਰਾਨ ਢਾਬੇ ’ਤੇ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰ ਵੀ ਰੁੱਕੇ ਹੋਏ ਸਨ, ਜੋ ਕਿ ਢਾਬੇ ’ਤੇ ਰੋਟੀ ਖਾ ਰਹੇ ਸੀ। ਜਦੋਂ ਚਰਨਜੀਤ ਸਿੰਘ ਚੰਨੀ ਇਕੱਲੇ ਹੀ ਕਾਰ ਵਿੱਚੋਂ ਨਿਕਲ ਕੇ ਰੋਟੀ ਖਾਣ ਲਈ ਮੰਜੇ ’ਤੇ ਬੈਠ ਗਏ ਤਾਂ ਆਸ-ਪਾਸ ਦੇ ਟਰੱਕ ਡਰਾਈਵਰ ਉਨ੍ਹਾਂ ਦੇ ਕੋਲ ਆ ਗਏ। ਇੱਥੇ ਉਨ੍ਹਾਂ ਨੇ ਚੰਨੀ ਦੇ ਨਾਲ ਗੱਲਬਾਤ ਕੀਤੀ ਤੇ ਸੈਲਫ਼ੀਆਂ ਵੀ ਲਈਆਂ। ਇਸ ਦੌਰਾਨ ਚੰਨੀ ਨੇ ਟਰੱਕ ਡਰਾਈਵਰਾਂ ਤੋਂ ਆਪਣੀ ਸਰਕਾਰ ਦੇ 111 ਦਿਨਾਂ ਦੇ ਕੰਮਕਾਰ ਬਾਰੇ ਵੀ ਗੱਲਬਾਤ ਕੀਤੀ।