ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਸਨਅਤੀ ਸ਼ਹਿਰ ਵਿੱਚ ਸਿੰਗਲ ਯੂਜ਼ ਪਲਾਸਟਿਕ ਵਰਤਨ ਵਾਲਿਆਂ ਖ਼ਿਲਾਫ਼ ਕਰਦਿਆਂ ਨਿਗਮ ਹੈਲਥ ਬ੍ਰਾਂਚ ਦੀ ਟੀਮ ਨੇ ਹੈਬੋਵਾਲ ਇਲਾਕੇ ਅੱਠ ਦੁਕਾਨਦਾਰਾਂ ਦੇ ਚਲਾਨ ਕੀਤੇ ਹਨ। ਸੈਨਟਰੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੈਬੋਵਾਲ ਇਲਾਕੇ ’ਚ ਜਾਂਚ ਕੀਤੀ ਗਈ ਸੀ। ਇੱਥੇ 8 ਦੁਕਾਨਦਾਰਾਂ ਦੇ ਕੋਲੋ ਸਿੰਗਲ ਯੂਜ਼ ਪਲਾਸਟਿਕ ਬੈਗ ਮਿਲੇ। ਮੌਕੇ ’ਤੇ ਦੁਕਾਨਦਾਰਾਂ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਜਵਾਲਾ ਸਿੰਘ ਚੌਕ ਕੋਲ ਨਾਜਾਇਜ਼ ਤਰੀਕੇ ਨਾਲ ਮੀਟ ਦੀ ਦੁਕਾਨ ਲਾ ਕੇ ਕਟਾਈ ਕੀਤੀ ਜਾ ਰਹੀ ਸੀ। ਅਜਿਹੀਆਂ 2 ਮੀਟ ਦੁਕਾਨਾਂ ਦਾ ਵੀ ਚਲਾਨ ਕੀਤਾ ਗਿਆ। ਉਧਰ, ਬਾਜ਼ਾਰ ’ਚ ਗੰਦਗੀ ਫੈਲਾਉਣ ’ਤੇ ਚਾਰ ਦੁਕਾਨਦਾਰਾਂ ਦਾ ਚਲਾਨ ਕੀਤਾ ਗਿਆ।