ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਦਸੰਬਰ
ਹਫ਼ਤਾ ਪਹਿਲਾਂ ਇਕ ਝਗੜੇ ਦੇ ਕੇਸ ਵਿਚ ਥਾਣਾ ਸੁਧਾਰ ਦੀ ਪੁਲੀਸ ਵੱਲੋਂ ਦਰਜ ਕੀਤੇ ਮੁਕੱਦਮੇ ਵਿਚ ਥਾਣੇਦਾਰ ਵੱਲੋਂ ਰਿਸ਼ਵਤ ਲੈ ਕੇ ਕਾਰਵਾਈ ਨਾ ਕਰਨ ਵਿਰੁੱਧ ਭੜਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਾਰਕੁਨਾਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਧਰਨਾ ਦੇ ਕੇ ਕਰੀਬ ਦੋ ਘੰਟੇ ਲਈ ਆਵਾਜਾਈ ਠੱਪ ਕਰ ਦਿੱਤੀ। ਰਾਜ ਮਾਰਗ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਖ਼ਿਲਾਫ਼ ਦੋਸ਼ ਲਾਇਆ ਕਿ ਰਿਸ਼ਵਤ ਲੈਣ ਦੇ ਬਾਵਜੂਦ ਵਿਰੋਧੀ ਧਿਰ ਵਿਰੁੱਧ ਉਚਿਤ ਕਾਰਵਾਈ ਨਹੀਂ ਕੀਤੀ ਗਈ।
ਸਥਿਤੀ ਉਸ ਵੇਲੇ ਹੋਰ ਵੀ ਖ਼ਰਾਬ ਹੋ ਗਈ ਜਦੋਂ ਕੌਮੀ ਸਿਹਤ ਮਿਸ਼ਨ ਦੇ ਹੜਤਾਲੀ ਕਰਮਚਾਰੀ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਸਰਕਾਰੀ ਹਸਪਤਾਲ ਸੁਧਾਰ ਵਿਚ ਪਿਛਲੇ 34 ਦਿਨਾਂ ਤੋਂ ਹੜਤਾਲ ਉੱਪਰ ਬੈਠੇ ਸਿਹਤ ਮੁਲਾਜ਼ਮ ਵੀ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਵਿਚ ਬੈਠ ਗਏ। ਰਾਜ ਮਾਰਗ ਉੱਪਰ ਧਰਨੇ ਦੀ ਸੂਚਨਾ ਮਿਲਣ ਦੇ ਬਾਵਜੂਦ ਪੁਲੀਸ ਅਧਿਕਾਰੀ ਡੇਢ ਘੰਟੇ ਬਾਅਦ ਮੌਕੇ ’ਤੇ ਪੁੱਜੇ। ਕਰੀਬ ਦੋ ਘੰਟੇ ਬਾਅਦ ਧਰਨਾ ਸਥਾਨ ’ਤੇ ਪਹੁੰਚੇ ਉਪ ਪੁਲੀਸ ਕਪਤਾਨ ਦਾਖਾ ਜਤਿੰਦਰਜੀਤ ਸਿੰਘ ਨੇ ਪਹਿਲਾਂ ਸਿਹਤ ਵਿਭਾਗ ਦੇ ਹੜਤਾਲੀ ਕਾਮਿਆਂ ਨੂੰ ਭਰੋਸਾ ਦੇ ਕੇ ਵਾਪਸ ਭੇਜਿਆ ਅਤੇ ਬਾਅਦ ਵਿਚ ਕਿਸਾਨ ਆਗੂਆਂ ਨੂੰ ਇਨਸਾਫ਼ ਦਾ ਭਰੋਸਾ ਦੇ ਕੇ ਆਵਾਜਾਈ ਬਹਾਲ ਕਰਵਾਈ। ਨੰਬਰਦਾਰ ਜਤਿੰਦਰ ਸਿੰਘ ਹਲਵਾਰਾ ਸਮੇਤ ਜਥੇਬੰਦੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਕੀ ਕਹਿੰਦੇ ਨੇ ਅਧਿਕਾਰੀ
ਉਪ ਪੁਲੀਸ ਕਪਤਾਨ ਦਾਖਾ ਜਤਿੰਦਰਜੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਥਾਣੇਦਾਰ ਗੁਰਚਰਨ ਸਿੰਘ ਨੂੰ ਰਿਸ਼ਵਤ ਦੇਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਪੀੜਤ ਧਿਰ ਨੂੰ ਇਨਸਾਫ਼ ਦਿੱਤਾ ਜਾਵੇਗਾ। ਥਾਣੇਦਾਰ ਗੁਰਚਰਨ ਸਿੰਘ ਨੇ ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਮਾਮਲਾ ਉੱਚ ਅਫ਼ਸਰਾਂ ਦੇ ਧਿਆਨ ਵਿਚ ਹੈ ਅਤੇ ਧਰਨਾਕਾਰੀ ਪੁਲੀਸ ਉੱਪਰ ਨਾਜਾਇਜ਼ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।