ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਦਸੰਬਰ
ਇਥੇ ਦਿ ਜਗਰਾਉਂ ਟਰੱਕ ਅਪਰੇਟਰਜ਼ ਐਸੋਸੀਏਸ਼ਨ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ, ਜਿਸ ’ਚ 3 ਦਸੰਬਰ ਨੂੰ ਕੌਮੀ ਸ਼ਾਹਰਾਹ ’ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਇਹ ਸੱਦਾ ਟਰੱਕ ਯੂਨੀਅਨਾਂ ਭੰਗ ਕਰਨ ਦੇ ਪਹਿਲੇ ਫ਼ੈਸਲੇ ਨੂੰ ਉਲਟਾਉਣ ਸਮੇਤ ਹੋਰ ਮੰਗਾਂ ਲਈ ਦਿੱਤਾ ਗਿਆ ਹੈ। ਮੀਟਿੰਗ ’ਚ ਬਹਾਦਰ ਸਿੰਘ ਅਖਾੜਾ, ਮਨਜੀਤ ਸਿੰਘ ਸਿੱਧਵਾਂ, ਪ੍ਰਿਥੀ ਸਿੰਘ ਅਖਾੜਾ, ਕੁਲਦੀਪ ਸਿੰਘ ਕੋਠੇ ਸ਼ੇਰਜੰਗ, ਜਗਮੋਹਨ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ ਤੇ ਹਰਦੀਪ ਸਿੰਘ ਕਾਉਂਕੇ ਕਮੇਟੀ ਮੈਂਬਰ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਹੁੰਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਲਿਆ ਸੀ। ਇਸ ਫ਼ੈਸਲੇ ’ਤੇ ਮੁੜ ਗੌਰ ਕਰਵਾਉਣ ਲਈ ਪੰਜਾਬ ਦੇ ਟਰੱਕ ਅਪਰੇਟਰ ਲਗਾਤਾਰ ਕਾਂਗਰਸ ਸਰਕਾਰ ਤੋਂ ਮੰਗ ਕਰ ਰਹੇ ਹਨ। ਇਸ ਲਈ ਬਿਨਾਂ ਦੇਰੀ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣ ਕਿਉਂਕਿ ਜਦੋਂ ਤੋਂ ਇਨ੍ਹਾਂ ਨੂੰ ਭੰਗ ਕੀਤਾ ਗਿਆ ਹੈ ਟਰੱਕ ਅਪਰੇਟਰਾਂ ਦੀ ਆਮਦਨ ਘਟੀ ਹੈ। ਦੂਜੇ ਪਾਸੇ ਡੀਜ਼ਲ ਮਹਿੰਗਾ ਹੋਣ ਸਮੇਤ ਹੋਰ ਖਰਚਿਆਂ ’ਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੀਟੀ ਰੋਡ ’ਤੇ ਬਿਜਲੀ ਘਰ ਦੇ ਸਾਹਮਣੇ ਤਿੰਨ ਦਸੰਬਰ ਨੂੰ 11 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਕੇਵਲ ਸਿੰਘ ਜਨੇਤਪੁਰਾ, ਰਣਜੀਤ ਸਿੰਘ ਮਿੱਠੂ, ਸਚਿਨ ਜੈਨ ਸਮੇਤ ਹੋਰ ਟਰੱਕ ਆਪਰੇਟਰ ਮੌਜੂਦ ਸਨ।