ਡੀਪੀਐੱਸ ਬੱਤਰਾ
ਸਮਰਾਲਾ, 10 ਨਵੰਬਰ
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੱਜ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਸਮਰਾਲਾ ਸ਼ਹਿਰ ਦੇ ਆਲੇ-ਦੁਆਲੇ ਦੀਆਂ ਪੁੱਟੀਆਂ ਹੋਈਆਂ ਸੜਕਾਂ ਕਾਰਨ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਖ਼ਿਲਾਫ਼ ਮੇਨ ਚੌਕ ’ਚ ਧਰਨਾ ਦਿੰਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਧਰਨਾ ਦੇ ਰਹੇ ‘ਆਪ’ ਵਰਕਰਾਂ ਨੇ ਬੀਤੇ ਕੱਲ੍ਹ ਲੁਧਿਆਣਾ ਰੋਡ ’ਤੇ ਸੜਕ ਪੁੱਟੀ ਹੋਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਮਾਰੀ ਗਈ ਪਿੰਡ ਮਾਦਪੁਰ ਵਾਸੀ 19 ਸਾਲਾ ਲੜਕੀ ਦੀ ਮੌਤ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਈ ਦੂਜੀ ਲੜਕੀ ਦੀ ਹਾਲਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਪੁੱਟੀਆਂ ਹੋਈਆਂ ਸੜਕਾਂ ਨੂੰ ਤੁਰੰਤ ਮੁਰੰਮਤ ਕਰਨ ਦੀ ਮੰਗ ਕੀਤੀ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸਮਰਾਲਾ ਹਲਕਾ ਅਜਿਹਾ ਹਲਕਾ ਹੈ, ਜਿੱਥੇ ਕੋਈ ਵੀ ਕੰਮ ਧਰਨੇ ਲਗਾਏ ਬਿਨਾਂ ਨਹੀਂ ਹੁੰਦਾ। ਉਨ੍ਹਾਂ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਜਲਦੀ ਇਨ੍ਹਾਂ ਸੜਕਾਂ ਨੂੰ ਨਾ ਬਣਾਇਆ ਗਿਆ ਤਾਂ ਆਮ ਆਦਮੀ ਪਾਰਟੀ ਤਿੱਖਾ ਸੰਘਰਸ਼ ਕਰਕੇ ਪ੍ਰਸ਼ਾਸਨ ਦਾ ਘਿਰਾਓ ਕਰੇਗੀ। ਇਸ ਮੌਕੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ, ਕੇਵਲ ਸਿੰਘ ਮੰਜਾਲੀਆਂ, ਅਵਤਾਰ ਸਿੰਘ ਉਟਾਲਾਂ, ਅੰਮ੍ਰਿਤ ਪੁਰੀ, ਸਰੋਜ ਰਾਣੀ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ ਨੇ ਸੰਬੋਧਨ ਵਿੱਚ ਸਮਰਾਲਾ ਪ੍ਰਸ਼ਾਸਨ ਵਿਰੁੱਧ ਜੰਮ ਕੇ ਭੜਾਸ ਕੱਢੀ। ਦੋ ਘੰਟੇ ਦੇ ਜਾਮ ਪਿੱਛੋਂ ਤਹਿਸੀਲਦਾਰ ਸਮਰਾਲਾ ਨੇ ਮੰਗ ਪੱਤਰ ਸਵੀਕਾਰ ਕੀਤਾ ਅਤੇ ਭਰੋਸਾ ਦਿਵਾਇਆ ਕਿ ਜਲਦੀ ਹੀ ਇਨ੍ਹਾਂ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਭਰੋਸੇ ਪਿੱਛੋਂ ‘ਆਪ’ ਵਰਕਰਾਂ ਨੇ ਧਰਨਾ ਚੁੱਕਿਆ।