ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਜੂਨ
ਇੱਥੇ 16 ਸਾਲ ਪਹਿਲਾਂ ਇੱਕ ਨਾਬਾਲਗ ਲੜਕੀ ਦੀ ਭੇਤ-ਭਰੀ ਹਾਲਤ ’ਚ ਹੋਈ ਮੌਤ ਦੇ ਮਾਮਲੇ ਵਿੱਚ ਤਤਕਾਲੀ ਪੁਲੀਸ ਅਧਿਕਾਰੀ ਵੱਲੋਂ ਤਸ਼ੱਦਦ ਦਾ ਸ਼ਿਕਾਰ ਹੋਈ ਕੁਲਵੰਤ ਕੌਰ ਦਾ ਹਾਲ ਜਾਨਣ ਲਈ ਮਹਿਲਾ ਮਨੁੱਖੀ ਅਧਿਕਾਰੀ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਉਸਦੇ ਘਰ ਪੁੱਜੀ। ਮਨੀਸ਼ਾ ਗੁਲਾਟੀ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕਰ ਕੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਵੀ ਸ਼ਿਕਾਇਤਕਰਤਾ ਦੇ ਘਰ ਮੌਜੂਦ ਸਨ। ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਸਿੱਟ ਬਣਾਈ ਜਾਵੇਗੀ, ਜੋ ਕਿ 15 ਦਿਨਾਂ ’ਚ ਰਿਪੋਰਟ ਦੇਵੇਗੀ। ਰਿਪੋਰਟ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਾਲ 2005 ਵਿੱਚ ਇੱਥੇ ਰੇਲਵੇ ਲਾਈਨ ਕੋਲ ਇੱਕ ਨਾਬਾਲਗ ਲੜਕੀ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਗਈ ਸੀ। ਪੁਲੀਸ ਨੇ ਕਰੀਬ ਇੱਕ ਸਾਲ ਬਾਅਦ ਲੜਕੀ ਦੀ ਮਾਂ ਮਨਪ੍ਰੀਤ ਕੌਰ ਧਾਲੀਵਾਲ ਅਤੇ ਉਸਦੇ ਚਾਚੇ ਇਕਬਾਲ ਸਿੰਘ ਰਸੂਲਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਦੌਰਾਨ ਸ਼ਿਕਾਇਤਕਰਤਾ ਇਕਬਾਲ ਸਿੰਘ ਨੇ ਦੋਸ਼ ਲਗਾਏ ਸਨ ਕਿ ਪੁਲੀਸ ਅਧਿਕਾਰੀ ਨੇ ਉਸਦੀ ਭੈਣ ਕੁਲਵੰਤ ਕੌਰ ਨੂੰ ਵੀ ਹਿਰਾਸਤ ਵਿੱਚ ਲੈ ਕੇ ਅੱਤਿਆਚਾਰ ਕੀਤਾ ਅਤੇ ਕਰੰਟ ਲਗਾਏ, ਜਿਸ ਕਾਰਨ ਉਸਦੀ ਭੈਣ ਕੁਲਵੰਤ ਅਪਾਹਜ ਹੋ ਗਈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਪੀੜਤ ਲੜਕੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ਼ ਦੇਣ ਜਾਂ ਆਤਮਹੱਤਿਆ ਕਰਨ ਦੀ ਆਗਿਆ ਮੰਗੀ ਸੀ।