ਪੱਤਰ ਪ੍ਰੇਰਕ
ਸਮਰਾਲਾ, 30 ਅਪਰੈਲ
ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚਿਆਂ ਲਈ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੈਸ਼ਨ 2023-24 ਦੇ ਯੂ.ਕੇ.ਜੀ. ਦੇ ਬੱਚਿਆਂ ਨੇ ਭਾਗ ਲਿਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਦਲਜੀਤ ਸਿੰਘ ਸਰਾਂ, ਗੈਸਟ ਆਫ ਹਾਨਰ ਪ੍ਰੋ. ਇੰਦਰਜੀਤ ਕੌਰ, ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰੈਜੀਡੈਂਟ ਅਨਿਲ ਵਰਮਾ, ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਘਲੋਟੀ ਨੇ ਕੀਤਾ। ਇਸ ਉਪਰੰਤ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਸਾਰੇ ਮਹਿਮਾਨਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆਂ ਆਖਿਆ।
ਸਮਾਗਮ ਦਾ ਆਰੰਭ ਸੰਗੀਤ ਅਧਿਆਪਕਾ ਤਰਕਜੋਤ ਕੌਰ ਦੀ ਅਗਵਾਈ ਹੇਠ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਭਜਨ ਗਾਇਨ ਕਰ ਕੇ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਰੇਰਨਾਦਾਇਕ ਗੀਤ ‘ਆਸ਼ਾ’ ਉੱਤੇ ਅਧਾਰਿਤ ਡਾਂਸ ਅਤੇ ਮਹਿਮਾਨਾਂ ਦੇ ਸਵਾਗਤ ਵਿੱਚ ਨਰਸਰੀ ਤੇ ਯੂ.ਕੇ.ਜੀ. ਦੇ ਬੱਚਿਆਂ ਵੱਲੋਂ ਕੀਤਾ ਗਿਆ ਵੈਲਕਮ ਡਾਂਸ ਵੀ ਖਿੱਚ ਦਾ ਕੇਂਦਰ ਬਣੇ। ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਨੁੱਕੜ-ਨਾਟਕ ‘ਬੱਚੇ ਮਨ ਦੇ ਸੱਚੇ’ ਵੀ ਪੇਸ਼ ਕਤਿਾ ਗਿਆ। ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੂਫੀਆਨਾ ਅੰਦਾਜ਼ ਵਿੱਚ ਪੇਸ਼ ਕੀਤਾ ਸੂਫੀ ਡਾਂਸ, ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਕੀਤਾ ਦੇਸ਼ ਭਗਤੀ ’ਤੇ ਅਧਾਰਤ ਡਾਂਸ ਵੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸੈਸ਼ਨ 2023-24 ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੂੂੰ ਮੁੱਖ ਮਹਿਮਾਨਾਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।