ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਗਸਤ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਦਰਜਨ ਤੋਂ ਉਪਰ ਹੋਰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਮਹਾਨ ਇਨਕਲਾਬੀ ਸ਼ਹੀਦ ਬਖਸ਼ੀਸ਼ ਸਿੰਘ ਮੋਰਕਰੀਮਾ ਦੀ ਜਨਮ ਭੂਮੀ ਵਿੱਚ ਅੱਜ ਮਹਾਨ ਗ਼ਦਰੀ ਜਰਨੈਲ ਸ਼ਹੀਦ ਊਧਮ ਸਿੰਘ ਦਾ ਵਿਲੱਖਣ, ਵਿਸ਼ਾਲ ਤੇ ਸੰਜੀਦਾ ਸ਼ਹੀਦੀ ਸਮਾਗਮ ਮਨਾਇਆ ਗਿਆ। ਦੋ ਮਿੰਟ ਮੌਨ ਧਾਰ ਕੇ ਦੋਨਾਂ ਮਹਾਨ ਸ਼ਹੀਦਾਂ ਨੂੰ ਨਿੱਘੀ ਤੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਸਭਿਆਚਾਰਕ ਸੈਸ਼ਨ ਦੌਰਾਨ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਕਲਾਕਾਰਾਂ ਰੁਪਿੰਦਰ ਸਿੰਘ ਰਸੂਲਪੁਰ ਤੇ ਹਰਵਿੰਦਰ ਰਸੂਲਪੁਰ ਨੇ ਸ਼ਹੀਦ ਊਧਮ ਸਿੰਘ ਸੁਨਾਮ ਸਮੇਤ ਗਦਰੀ ਯੋਧਿਆਂ, ਬੱਬਰ ਅਕਾਲੀਆਂ, ਨੌਜਵਾਨ ਭਾਰਤ ਸਭਾ ਦੇ ਪਰਵਾਨਿਆਂ ਦੀਆਂ ਜੀਵਨ ਗਾਥਾਵਾਂ, ਕੁਰਬਾਨੀਆਂ ਅਤੇ ਦਿੱਤੀਆਂ ਸੇਧਾਂ ਬਾਰੇ ਕਮਾਲ ਦਾ ਕਵੀਸ਼ਰੀ ਰੰਗ ਬੰਨ੍ਹਿਆ। ਪ੍ਰਸਿੱਧ ਨਾਟਕ ਟੀਮ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ (ਮੋਗਾ) ਨੇ ਨਿਰਦੇਸ਼ਕ ਤੀਰਥ ਸਿੰਘ ਚੜਿੱਕ ਦੀ ਰਹਿਨੁਮਾਈ ਹੇਠ ਨਾਟਕ ‘ਸੁਲਘਦੀ ਧਰਤੀ’ ਰਾਹੀਂ ਪੇਸ਼ ਕੀਤਾ ਗਿਆ।