ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜੂਨ
ਇੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਿਨ੍ਹਾਂ ਵਿੱਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਨਾਮ ਬਾਣੀ ਦਾ ਲਾਹਾ ਖੱਟਿਆ। ਜਾਣਕਾਰੀ ਮੁਤਾਬਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਰਜਿੰਦਰਪਾਲ ਸਿੰਘ ਖ਼ਾਲਸਾ ਨੇ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ। ਭਾਈ ਜਗਜੀਤ ਸਿੰਘ ਤੇ ਬੀਬੀ ਰਣਜੀਤ ਕੌਰ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ ਅਤੇ ਭਾਈ ਬਲਵਿੰਦਰ ਸਿੰਘ ਨੇ ਰਲਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਕਥਾਵਾਚਕ ਗਿਆਨੀ ਕੁਲਵਿੰਦਰ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ’ਚੋਂ ਵਿਆਖਿਆ ਕੀਤੀ। ਰਾਗੀ ਜਥਿਆਂ ਅਤੇ ਕਥਾਵਾਚਕਾਂ ਨੂੰ ਜਨਰਲ ਸਕੱਤਰ ਅਵਤਾਰ ਸਿੰਘ ਅਤੇ ਰਣਦੀਪ ਸਿੰਘ ਡਿੰਪਲ ਨੇ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ। ਫਰੈਂਡਜ਼ ਵੈੱਲਫੇਅਰ ਐਸੋਸੀਏਸ਼ਨ ਏ ਬਲਾਕ ਮਾਡਲ ਟਾਊਨ ਐਕਸਟੈਂਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਲੰਗਰ ਲਾਇਆ ਗਿਆ। ਇਸ ਮੌਕੇ ਸ਼ਮਸ਼ੇਰ ਸਿੰਘ ਚਾਵਲਾ, ਜਸਬੀਰ ਸਿੰਘ ਡੰਗ, ਹਰਵਿੰਦਰ ਸਿੰਘ ਤੇ ਕ੍ਰਿਪਾਲ ਸਿੰਘ ਬਜਾਜ ਹਾਜ਼ਰ ਸਨ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਜੀਐੱਚਜੀ ਅਕੈਡਮੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗਿਆਰ੍ਹਵੀਂ ਜਮਾਤ ਦੀ ਸਾਇੰਸ ਦੀ ਵਿਦਿਆਰਥਣ ਪਵਨੀਤ ਕੌਰ ਚੀਮਾ ਨੇ ਦੱਸਿਆ ਕਿ ਗੁਰੂ ਜੀ ਦਾ ਸੁਭਾਅ ਨਿਮਰ ਤੇ ਸੇਵਾ ਭਾਵ ਨਾਲ ਭਰਪੂਰ ਸੀ। ਜੀਐੱਚਜੀ ਅਕੈਡਮੀ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ। ਅਖੀਰ ’ਚ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਤੇ ਉਨ੍ਹਾਂ ਵੱਲੋਂ ਰਚੀ ਹੋਈ ਬਾਣੀ ਨੂੰ ਪੜ੍ਹਨ ਅਤੇ ਉਸ ਉੱਪਰ ਅਮਲ ਕਰਨ ਦੀ ਪ੍ਰੇਰਨਾ ਦਿੱਤੀ।