ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੁਲਾਈ
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਕਾਲਜ ਦੇ ਮਰਹੂਮ ਸਾਬਕਾ ਪ੍ਰਿੰਸੀਪਲ ਹਰਮੀਤ ਕੌਰ ਦੀ ਯਾਦ ਨੂੰ ਸਮਰਪਿਤ ਕਾਲਜ ਦੇ ਮਾਤਾ ਤ੍ਰਿਪਤਾ ਸੈਮੀਨਾਰ ਹਾਲ ਵਿੱਚ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਾਬਕਾ ਵੀਸੀ (ਜੀਐੱਨਡੀਯੂ) ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਪ੍ਰਧਾਨਗੀ ਕੀਤੀ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਸਮੇਤ ਡਾ. ਬੀਐੱਸ ਸ਼ਾਹ, ਡਾ. ਸਤੀਸ਼ ਸ਼ਰਮਾ, ਪੁਨੀਤ ਸੂਦ, ਪ੍ਰਿੰ. ਡਾ. ਨਰਿੰਦਰ ਕੌਰ ਸੰਧੂ, ਪ੍ਰਿੰ. ਇੰਦਰਜੀਤ ਕੌਰ, ਪ੍ਰਿੰ ਕੁਲਦੀਪ ਸਿੰਘ, ਪ੍ਰਿੰ. ਮਨਜਿੰਦਰ ਕੌਰ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਾਲਜ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਮਰਹੂਮ ਹਰਮੀਤ ਕੌਰ ਬਾਰੇ ਰੂਬਰੂ ਕਰਵਾਇਆ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਮਰਹੂਮ ਹਰਮੀਤ ਕੌਰ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਸਤੀਸ਼ ਸ਼ਰਮਾ ਨੇ ਕਿਹਾ ਕਿ ਹਰਮੀਤ ਕੌਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਕੀਤੇ ਕੰਮਾਂ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਲੋੜਵੰਦ ਵਿਦਿਆਰਥਣਾਂ ਨੂੰ ਵਜੀਫ਼ਾ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪ੍ਰਿੰਸੀਪਲ ਸੰਧੂ ਜੀ ਨੇ ਦੱਸਿਆ ਕਿ ਮੈਡਮ ਹਰਮੀਤ ਕੌਰ ਜੀ ਕੁਸ਼ਲ ਪ੍ਰਸ਼ਾਸਕ ਸਨ ਇਸ ਸੰਸਥਾ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਇੱਕ ਧੜੱਲੇਦਾਰ ਯੁੱਗ ਪਲਟਾਊ ਪ੍ਰਿੰਸੀਪਲ ਵਜੋਂ ਆਉਂਦਾ ਹੈ ਜਿਨ੍ਹਾਂ ਨੇ ਸੰਸਥਾ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਇਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਕਿਹਾ, ‘ਮੈਂ ਉਨ੍ਹਾਂ ਦੀ ਅਗਵਾਈ ਹੇਠ ਕੰਮ ਕੀਤਾ ਹੈ ਤੇ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ ਹੈ।’ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।