ਮਾਛੀਵਾੜਾ: ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੋਹ ਮਹੀਨੇ ਦਾ ਸੰਗਰਾਂਦ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰੇ ਦੇ ਮੈਨੇਜਰ ਸਰਬਦਿਆਲ ਸਿੰਘ ਘਰਿਆਲਾ ਨੇ ਦੱਸਿਆ ਕਿ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਭਾਈ ਸੁਖਵੀਰ ਸਿੰਘ ਅਤੇ ਭਾਈ ਜਜਵਿੰਦਰ ਸਿੰਘ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸੰਗ ਸੁਣਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਬਚਿੱਤਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕਥਾਵਾਚਕ ਭਾਈ ਇਕਨਾਮ ਸਿੰਘ ਵਲੋਂ ਵੀ ਸੰਗਰਾਂਦ ਮਹੀਨੇ ਦੇ ਆਧਾਰ ’ਤੇ ਕਥਾ ਕੀਤੀ ਗਈ। ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਸਮਾਪਤੀ ਦੀ ਅਰਦਾਸ ਕਰ ਸਮਾਗਮ ਸਮਾਪਤ ਕੀਤਾ ਗਿਆ। -ਪੱਤਰ ਪ੍ਰੇਰਕ