ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਸਤੰਬਰ
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਡਾ. ਸੁਖਪਾਲ ਸਿੰਘ ਤੇ ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਚੁਣੀ ਗਈ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਪ੍ਰੋ. ਸੁਖਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਸੁਖਪਾਲ ਨੇ ਪਿਛਲੇ ਵੀਹ ਸਾਲਾਂ ਪੇਂਡੂ ਕਰਜ਼ਦਾਰੀ, ਕਿਸਾਨ ਖੁਦਕੁਸ਼ੀਆਂ, ਖੇਤੀ ਕਾਮਿਆਂ ਦੀ ਕਾਰਜ਼ਦਾਰੀ ਅਤੇ ਖੇਤੀ ਛੱਡ ਚੁੱਕੇ ਪੰਜਾਬੀ ਕਿਸਾਨਾਂ ਸਬੰਧੀ ਖੋਜ ਅਧਾਰਿਤ ਰਿਪੋਰਟਾਂ ਲਿਖਤੀ ਰੂਪ ਵਿੱਚ ਪੇਸ਼ ਕਰ ਕੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ ਹੈ। ਇਸ ਮੌਕੇ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ-ਰਾਏਕੋਟ ਮਾਰਗ ’ਤੇ ਪੈਂਦੇ ਸਵਾ ਸਦੀ ਪੁਰਾਣੇ ਪੁਲ ਦੀ ਥਾਂ ਨਵਾਂ ਪੁਲ ਉਸਾਰਨ ਦੀ ਮਨਜ਼ੂਰੀ ਲੈ ਲਈ ਗਈ ਹੈ। ਬੁਨਿਆਦੀ ਖੇਡ ਢਾਂਚਾ ਉਸਾਰਨ ਲਈ ਸਪੋਰਟਸ ਸਟੇਡੀਅਮ ਅਤੇ ਇਨਡੋਰ ਸਟੇਡੀਅਮ ਲਈ ਵੀ ਸੂਬਾ ਸਰਕਾਰ ਨਾਲ ਲਿਖਾ ਪੜ੍ਹੀ ਜਾਰੀ ਹੈ। ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਤੂਰ ਨੇ ਪੁਲ ਪ੍ਰਵਾਨਗੀ ਦੀ ਮੁਬਾਰਕ ਦਿੱਤੀ।