ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਸਤੰਬਰ
ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਚੌਕਸੀ ਦੇ ਬਾਵਜੂਦ ਜੇਲ੍ਹ ਵਿੱਚ ਮੋਬਾਈਲ ਫੋਨ ਅਤੇ ਹੋਰ ਨਸ਼ੇ ਪਹੁੰਚ ਰਹੇ ਹਨ। ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਨਸ਼ੀਲਾ ਪਾਊਡਰ ਅਤੇ ਸੱਤ ਮੋਬਾਈਲ ਫੋਨ ਫੜੇ ਗਏ ਹਨ।
ਸਹਾਇਕ ਸੁਪਰਡੈਂਟ ਸਵਰਨ ਸਿੰਘ ਨੇ ਦੱਸਿਆ ਹੈ ਕਿ ਚੈਕਿੰਗ ਦੌਰਾਨ ਹਵਾਲਾਤੀ ਅਸ਼ੋਕ ਬੱਤਰਾ ਵਾਸੀ ਛਾਉਣੀ ਮੁਹੱਲਾ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਪਲਾਸਟਿਕ ਦਾ ਲਿਫਾਫਾ ਮਿਲਿਆ ਜਿਸ ਵਿੱਚ 50 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਾਊਡਰ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਸਹਾਇਕ ਸੁਪਰੈਂਟ ਕਸ਼ਮੀਰ ਲਾਲ ਦੀ ਅਗਵਾਈ ਹੇਠ ਬੈਰਕ ਨੰਬਰ ਇੱਕ ਦੀ ਚੈਕਿੰਗ ਦੌਰਾਨ ਹਵਾਲਾਤੀ ਮਨਦੀਪ ਸਿੰਘ ਵਾਸੀ ਛੰਨਾ ਰੋਡ ਅਹਿਮਦਗੜ੍ਹ ਅਤੇ ਪੁਨੀਤ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਹਵਾਲਾਤੀ ਸਨੀ ਦੀ ਤਲਾਸ਼ੀ ਦੌਰਾਨ ਉਸ ਤੋਂ ਇੱਕ ਮੋਬਾਈਲ ਫੋਨ ਮਿਲਿਆ ਜਦਕਿ ਉਸ ਕੋਲੋਂ ਛੇ ਹੋਰ ਮੋਬਾਈਲ ਫੋਨ ਮਿਲੇ ਜੋ ਸੁਰਜੀਤ ਸਿੰਘ ਉਰਫ਼ ਟੀਟਾ ਨੇ ਜੇਲ੍ਹ ਦੇ ਬਾਹਰੋਂ ਉਸ ਨੂੰ ਭੇਜੇ ਸਨ। ਪੁਲੀਸ ਥਾਣਾ ਡਿਵੀਜ਼ਨ ਨੰਬਰ ਸੱਤ ਵੱਲੋਂ ਜੇਲ੍ਹ ਨਿਯਮ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।