ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਦਸੰਬਰ
ਇੱਥੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ਪਲਾਜ਼ਾ ’ਤੇ ਕਿਸਾਨ ਧਰਨੇ ਵਿਚ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਪਾਰਲੀਮੈਂਟ ਦੇ ਚਾਲੂ ਸੈਸ਼ਨ ਦੌਰਾਨ ਕਿਸਾਨ ਸੰਘਰਸ਼ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਮੁਨਕਰ ਹੋ ਗਈ ਸੀ। ਅੱਜ ਰਾਹੁਲ ਗਾਂਧੀ ਵੱਲੋਂ 500 ਕਿਸਾਨਾਂ ਦੀ ਸੂਚੀ ਰੱਖੀ ਗਈ ਹੈ ਜਿਸ ਤੋਂ ਬਾਅਦ ਹੁਣ ਜਵਾਬ ਦੇਣ ਦੀ ਵਾਰੀ ਸਰਕਾਰ ਦੀ ਹੈ। ਉਨ੍ਹਾਂ ਮੰਗ ਕੀਤੀ ਇਹ ਸੂਚੀ ਮਿਲਣ ਤੋਂ ਬਾਅਦ ਸਰਕਾਰ ਘੱਟੋ-ਘੱਟ ਇਨ੍ਹਾਂ 500 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦਾ ਪ੍ਰਬੰਧ ਕਰੇ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ-ਪਿੰਡ ਸਿਆਸੀ ਆਗੂਆਂ ਦੇ ਆਉਣ ’ਤੇ ਸਵਾਲ-ਜਵਾਬ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਇਹ ਧਰਨਾ ਲਗਾਤਾਰ ਜਾਰੀ ਹੈ। ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਆਗੂ ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਚਰਨ ਸਿੰਘ ਸਰਾਭਾ, ਰਣਜੀਤ ਸਿੰਘ ਸਿੱਧਵਾਂ, ਆਤਮਾ ਸਿੰਘ ਬੋਪਾਰਾਏ ਆਦਿ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਲੋਕ ਸਭਾ ’ਚ ਇਹ ਸੂਚੀ ਰੱਖੇ ਜਾਣ ’ਤੇ ਇਹ ਅੰਕੜਾ ਹੁਣ ਸੰਸਦ ਦੇ ਰਿਕਾਰਡ ’ਚ ਆ ਗਿਆ ਹੈ। ਹੁਣ ਮੋਦੀ ਸਰਕਾਰ ਇਸ ਬਾਰੇ ਆਪਣੀ ਰਾਏ ਸਪੱਸ਼ਟ ਕਰੇ। ਇਸੇ ਤਰ੍ਹਾਂ ਰੇਲਵੇ ਪਾਰਕ ਜਗਰਾਉਂ ’ਚ ਵੀ ਕਿਸਾਨ ਧਰਨਾ ਅੱਜ ਜਾਰੀ ਰਿਹਾ।
‘ਇੱਕਤਰਫ਼ਾ ਐਲਾਨ ਨਾਲ ਮੋਰਚੇ ਨਹੀਂ ਮੁੱਕਦੇ’
ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੱਕੇ ਮੋਰਚੇ ਉੱਪਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਜਗਮੇਲ ਸਿੰਘ ਰੋੜੀਆਂ ਅਤੇ ਹਰਭਜਨ ਸਿੰਘ ਸੰਦੀਲਾ ਸਾਬਕਾ ਕੌਂਸਲਰ ਨੇ ਕਿਹਾ ਕਿ ਉਹ ਦਿੱਲੀ ਵਿੱਚ ਚੱਲ ਰਹੀ ਸੰਯੁਕਤ ਮੋਰਚੇ ਦੀ ਮੀਟਿੰਗ ਦਾ ਫ਼ੈਸਲਾ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਕੇਵਲ ਇੱਕਤਰਫ਼ਾ ਐਲਾਨ ਕਰਨ ਨਾਲ ਮੋਰਚੇ ਨਹੀਂ ਮੁੱਕਦੇ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਾਜਵੀਰ ਸਿੰਘ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕੋਈ ਭੀਖ ਨਹੀਂ ਹੈ, ਕਿਸਾਨਾਂ ਦੀ ਹਾਲਤ ਸੁਧਾਰਨ ਲਈ ਇਹ ਘੱਟੋ-ਘੱਟ ਲੋੜ ਹੈ। ਲੰਬੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਮੁਆਵਜ਼ਾ ਅਤੇ ਅੰਦੋਲਨਕਾਰੀਆਂ ਖ਼ਿਲਾਫ਼ ਦਰਜ ਕੀਤੇ ਮੁਕੱਦਮੇ ਰੱਦ ਕਰਨ ਦੀ ਮੰਗ ਤਰਕਸੰਗਤ ਹੈ।