ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਨਵੰਬਰ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਅੰਦੋਲਨਕਾਰੀਆਂ ਨੇ ਖ਼ਾਲੀ ਪੀਪੀਆਂ, ਸਿਲੰਡਰ ਅਤੇ ਥਾਲ਼ੀਆਂ ਖੜਕਾ ਕੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਰੁੱਧ ਅਵਾਜ਼ ਬੁਲੰਦ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸੰਸਾਰ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹਨ ਤਾਂ ਉਸ ਸਮੇਂ ਮੋਦੀ ਸਰਕਾਰ ਰੋਜ਼ਾਨਾ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਤੇਲ ਕੰਪਨੀਆਂ ਦਾ ਘਰ ਭਰ ਰਹੀ ਹੈ ਅਤੇ ਕਿਰਤੀਆਂ ਅਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਡੀਜ਼ਲ ਦੀ ਕੀਮਤ ਅੱਜ ਸੈਂਕੜਾ ਪਾਰ ਕਰ ਗਈ ਹੈ ਅਤੇ ਮੋਦੀ ਸਰਕਾਰ ਢੀਠਤਾਈ ਨਾਲ ਕਾਰਪੋਰੇਟ ਘਰਾਣਿਆਂ ਦੀਆਂ ਤਜੌਰੀ ਭਰ ਰਹੀ ਹੈ।
ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ, ਮਲਕੀਤ ਸਿੰਘ ਕਿਲ੍ਹਾ ਰਾਏਪੁਰ, ਜਗਤਾਰ ਸਿੰਘ ਚਕੋਹੀ, ਦਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਤੇਲ ਕੀਮਤਾਂ ਦੇ ਵਾਧੇ ਕਾਰਨ ਲੋੜੀਂਦੀਆਂ ਸਾਰੀਆਂ ਵਸਤਾਂ ਉੱਪਰ ਵੀ ਮਹਿੰਗਾਈ ਦੀ ਮਾਰ ਕਈ ਗੁਣਾ ਵੱਧ ਗਈ ਹੈ। ਕਿਸਾਨ ਆਗੂਆਂ ਨੇ ਡੀਜ਼ਲ-ਪੈਟਰੋਲ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਅਤੇ ਸੂਬਾ ਸਰਕਾਰ ਤੋਂ ਆਪਣੇ ਹਿੱਸੇ ਦਾ ਵੈਟ ਘਟਾ ਕੇ ਫ਼ੌਰੀ ਰਾਹਤ ਦੀ ਮੰਗ ਕੀਤੀ ਹੈ।